Jinee pechattah hukm
ਜਿਨੀ ਪਛਾਤਾ ਹੁਕਮ
ਗੁਰਬਾਣੀ ਦੇ ਸੂਝਵਾਨ ਪ੍ਰਚਾਰਕ, ਵਿਆਖਿਆਕਾਰ ਇਸ ਨੁਕਤੇ ਉੱਪਰ ਇਕਮੱਤ ਹਨ ਕਿ ਸਮੁੱਚਾ ਗੁਰੂ ਗ੍ਰੰਥ ਸਾਹਿਬ ਇੱਕ ਸਵਾਲ ਦੇ ਜਵਾਬ ਵਿਚ ਲਿਖਿਆ ਗਿਆ ਹੈ।
ਉਹ ਸਵਾਲ ਹੈ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥-(1)
(ਭਾਵ ਆਪਣੇ ਜੀਵਨ ਵਿਚ ਰੱਬ ਕਿਵੇਂ ਲੈ ਕੇ ਆਈਏ, ‘ਪ੍ਰਭ ਮਿਲਨ‘ ਜਾਂ ‘ਸਾਹਿਬ ਸਿਉ ਮੇਲ‘ ਕਿਵੇਂ ਹੋਵੇ?)
ਇਸ ਦਾ ਜਵਾਬ ਅਗਲੀ ਤੁਕ ਵਿਚ ਗੁਰੂ ਸਾਹਿਬ ਦਿੰਦੇ ਹੋਏ ਕਹਿੰਦੇ ਹਨ:
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥–(1)
(ਰਜਾਈ (ਅਕਾਲ ਪੁਰਖ) ਵੱਲੋਂ ਸਥਾਪਤ ਹੁਕਮ ਅਨੁਸਾਰ ਜ਼ਿੰਦਗੀ ਜਿਉਂ ਕੇ ਹੀ ਸਚਿਆਰ ਬਣਿਆ ਜਾ ਸਕਦਾ ਹੈ।
ਗੁਰਬਾਣੀ ਵਿਚਆਉਂਦੇ ਸ਼ਬਦ ਭੈ, ਨਾਉ ਅਤੇ ਭਾਣਾ ਵੀ ਹੁਕਮ ਵਜੋਂ ਹੀ ਵਰਤੇ ਗਏ ਹਨ।)
ਇੱਕ ਤੁਕ ਨਾਲ ਮੇਰੇ ਵਰਗੇ ਆਮ ਸਿੱਖ ਦੇ ਪੱਲੇ ਕੁਝ ਨਹੀਂ ਪੈਣਾ, ਇਹ ਗੁਰੂ ਸਾਹਿਬਾਨ ਚੰਗੀ ਤਰ੍ਹਾਂ ਸਮਝਦੇ ਸਨ, ਇਸੇ ਲਈ ਉਨ੍ਹਾਂ ‘ਹੁਕਮ’ ਦੇ ਇਸ ਸਿਧਾਂਤ ਨੂੰ ਬੜੇ ਵਿਸਥਾਰ ਨਾਲ ਗੁਰਬਾਣੀ ਵਿਚ ਪੇਸ਼ ਕੀਤਾ ਹੈ। ਪਰ ਸਾਡੇ ਬਹੁਗਿਣਤੀ ਵਿਆਖਿਆਕਾਰ ‘ਹੁਕਮ ਵਿਚ ਚੱਲਣ’ ਦੇ ਇਸ ਸਿਧਾਂਤ ਨੂੰ ਸੌਖਿਆਂ ਕਰਕੇ ਆਮ ਸਿੱਖਾਂ ਨੂੰ ਨਹੀਂ ਸਮਝਾਅ ਸਕੇ ਅਤੇ ਨਾ ਹੀ ਸਾਡੇ ਵਿਦਵਾਨਾਂ ਨੇ ਹੁਕਮ ਉੱਪਰ ਓਨੀ ਚਰਚਾ ਕੀਤੀ, ਜਿੰਨੀ ਉਨ੍ਹਾਂ ‘ਨਾਮੁ’, ‘ਸਿਮਰਨ’ ਆਦਿ ਵਿਸ਼ਿਆਂ ਉੱਪਰ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਨਾਨਕ ਸਿੱਖੀ ਦੇ ਮੁੱਢਲੇ ਅਤੇ ਸਭ ਤੋਂ ਅਹਿਮ ਸਵਾਲ ਦੇ ਉੱਤਰ ਵਜੋਂ ਜੋ ਜਵਾਬ ਦਿੰਦੇ ਹਨ, ਉਸ ਉੱਪਰ ਐਨੀ ਘੱਟ ਚਰਚਾ! ਹੁਣ ਤੱਕ ਸੈਂਕੜੇ ਕਿਤਾਬਾਂ ਕੇਵਲ ਹੁਕਮ ਦੇ ਸਿਧਾਂਤ ਉੱਪਰ ਹੀ ਲਿਖਣੀਆਂ ਬਣਦੀਆਂ ਸਨ। ਬੀਤੇ ਦਿਨੀਂ ਮੈਂ ਮਲੇਸ਼ੀਆ ਤੋਂ ਸਿੱਖੀ ਵਿਚਾਰ ਫੋਰਮ ਦੇ ਡਾ. ਕਰਮਿੰਦਰ ਸਿੰਘ ਦੁਆਰਾ ਜਪੁ ਬਾਣੀ ਦੀ ਵਿਆਖਿਆ ਦੇਖੀ, ਜਿਸ ਦੇ ਵੀਡੀਓਜ਼ www.sikhivicharforum.org ਅਤੇ ਉਨ੍ਹਾਂ ਦੇ ਯੂ-ਟਿਊਬ ਚੈਨਲ ਉੱਪਰ ਉਪਲਬਧ ਹਨ। ਇਸ ਵਿਚ ਉਨ੍ਹਾਂ ਨੇ ‘ਹੁਕਮ’ ਦੇ ਸਿਧਾਂਤ ਉੱਪਰ ਕਈ ਘੰਟੇ ਲਗਾਤਾਰ ਚਰਚਾ ਕੀਤੀ ਹੈ।
ਜੋ ਮੈਂ ਉਨ੍ਹਾਂ ਤੋਂ ਹੁਕਮ ਬਾਰੇਹੁਣ ਤੱਕ ਸਮਝ ਸਕਿਆਂ ਹਾਂ, ਉਹ ਇਸ ਪ੍ਰਕਾਰ ਹੈ:
1. ਹੁਕਮ, ਉਹ ਕਾਨੂੰਨ/ਨਿਯਮ ਹਨ ਜਿਸ ਨਾਲ ਪੂਰੀ ਸ੍ਰਿਸ਼ਟੀ ਚੱਲ ਰਹੀ ਹੈ। ਇਹ ਨਿਯਮ ਫ਼ਿਜ਼ੀਕਲ, ਕੈਮੀਕਲ,
ਬਾਇਓਲੌਜ਼ੀਕਲ ਅਤੇ ਮਨੋਵਿਗਿਆਨਿਕ ਸਮੇਤ ਹਰ ਪੱਧਰ ‘ਤੇ ਲਾਗੂ ਹਨ।
2. ਜਿੱਥੇ ਤੱਕ ਇਨਸਾਨ ਅਤੇ ਹੁਕਮ ਦਾ ਸਬੰਧ ਹੈ ਤਾਂ ਇਹ, Law of Consequence ਦੇ ਤੌਰ ‘ਤੇ ਕੰਮ ਕਰਦਾ ਹੈ। ਪੰਜਾਬੀ ਵਿਚ ਇਸ ਨੂੰ ‘ਨਤੀਜਿਆਂ ਦਾ ਸਿਧਾਂਤ’ ਕਹਿ ਸਕਦੇ ਹਾਂ। ਭਾਵ ਕੁਝ ਵੀ ਕਰਨ ਦੀ ਆਜ਼ਾਦੀ ਰੱਬ ਵੱਲੋਂ ਇਨਸਾਨ ਨੂੰ ਦਿੱਤੀ ਗਈ ਹੈ ਪਰ ਉਸ ਦਾ ਨਤੀਜਾ ਹੁਕਮ ਮੁਤਾਬਿਕ ਨਿਸ਼ਚਿਤ ਹੈ।
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ (134)
ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋ ਖਾਇ ॥ (730)
(ਭਾਵ ਜੈਸੇ ਕਰਮ ਇਨਸਾਨ ਕਰੇਗਾ, ਉਸੇ ਮੁਤਾਬਕ ਫਲ ਪਾਵੇਗਾ।)
ਜਿਸ ਤਰ੍ਹਾਂ ਖੂਹ ਵਿਚ ਛਾਲ ਮਾਰਨ ਦੀ ਖੁੱਲ੍ਹ ਇਨਸਾਨ ਕੋਲ ਹੈ ਪਰ ਉਸ ਦਾ ਨਤੀਜਾ (ਹੁਕਮ) ਉਸ ਦੇ ਹੱਥ ਵਿਚ ਨਹੀਂ ਹੈ। ਛਾਲ ਮਾਰਨ ਤੋਂ ਬਾਅਦ ਉਹ ਮਰਦਾ ਹੈ ਜਾਂ ਸਿਰਫ਼ ਹੱਡੀਆਂ ਟੁੱਟਦੀਆਂ ਹਨ, ਇਹ ਹੁਕਮ ਤੈਅ ਕਰੇਗਾ। ਜੋ ਖੂਹ ਦੀ ਡੂੰਘਾਈ, ਉਸ ਦੀ ਧਰਾਤਲ, ਆਸ ਪਾਸ ਤੋਂ ਮਿਲਣ ਵਾਲੀ ਮਦਦ ਆਦਿ ‘ਤੇ ਨਿਰਭਰ ਕਰੇਗਾ।
3. ਉਸ ਮਾਲਕ ਤੋਂ ਇਲਾਵਾ ਹਰ ਮਨੁੱਖ, ਜੀਵ, ਜੰਤੂ, ਪਾਣੀ, ਅੱਗ, ਹਵਾ, ਸ੍ਰਿਸ਼ਟੀ ਦਾ ਹਰ ਚੱਲ-ਅਚੱਲ ਜ਼ਰ੍ਹਾ, ਉਸ ਹੁਕਮ ਤੋਂ ਬਾਹਰ ਨਹੀਂ ਹੈ। ਭਾਵ ਉਕਤ ਹਰ ਚੀਜ਼ ਖਾਸ ਨਿਯਮਾਂ ਵਿਚ ਬੱਝੀ ਹੈ। ਜਿਸ ਤਰ੍ਹਾਂ ਅੱਗ ਵਿਚ ਕਾਗਜ਼ ਪਾਉਣ ‘ਤੇ ਅੱਗ ਉਸ ਕਾਗਜ਼ ਨੂੰ ਸਾੜ ਦੇਵੇਗੀ, ਭਾਵੇਂ ਉਹ ਕਾਗਜ਼ ਕਿਸੇ ਰੱਦੀ ਕਾਪੀ ਦਾ ਹੋਵੇ ਜਾਂ ਫ਼ਿਰ ਕਿਸੇ ਰੂਹਾਨੀ ਕਿਤਾਬ ਦਾ। ਅੱਗ ਇਸੇ ਹੁਕਮ ਅਧੀਨ ਵਿਚਰਦੀ ਹੈ। ਕਈ ਵਾਰ ਅਸੀਂ ਸੋਚਦੇ ਹਾਂ ਕਿ ਸਰਸਾ ਨਦੀ ਵਿਚ ਕੁਦਰਤ ਨੇ ਪਾਣੀ ਘਟਾ ਕਿਉਂ ਨਾ ਦਿੱਤਾ, ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਇਸ ਨੂੰ ਪਾਰ ਕਰ ਰਿਹਾ ਸੀ? ਤੱਤੀ ਰੇਤ ਠੰਢੀ ਕਿਉਂ ਨਾ ਹੋ ਗਈ ਜਦੋਂ ਉਸ ਨੂੰ ਗੁਰੂ ਅਰਜਨ ਦੇਵ ਜੀ ਦੇ ਸਿਰ ‘ਤੇ ਪਾਇਆ ਜਾ ਰਿਹਾ ਸੀ। ਹੁਕਮ ਦਾ ਇਹ ਪੱਖ ਗੁਰਬਾਣੀ ਵਿਚ ਕਈ ਥਾਈਂ ਸਮਝਾਇਆ ਗਿਆ ਹੈ। ਜਿਵੇਂ :
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥
ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ (464)
[(ਭੈ – ਹੁਕਮ, ਨਿਯਮ) ਭਾਵ ਪਾਣੀ, ਧਰਤੀ, ਅੱਗ, ਹਵਾ ਆਦਿ ਖਾਸ ਨਿਯਮਾਂ ਵਿਚ ਬੱਝੇ ਹੋਏ ਹਨ।]
ਇਨ੍ਹਾਂ ਤੱਤਾਂ ਨੇ ਉਨ੍ਹਾਂ ਨਿਯਮਾਂ ਤਹਿਤ ਹੀ ਕੰਮ ਕਰਨਾ ਹੈ। ਜਿਵੇਂ ਹਾਈਡ੍ਰੋਜ਼ਨ ਦੇ ਦੋ ਕਣ ਅਤੇ ਆਕਸੀਜਨ ਦਾ ਇੱਕ ਕਣ ਮਿਲਕੇ ਹੀ ਪਾਣੀ ਬਣਦਾ ਹੈ। ਇਸੇ ਤਰਾਂ ਧਰਤੀ ਉੱਪਰ ਗੁਰੂਤਾ ਖਿੱਚ ਦਾ ਸਿਧਾਂਤ (Law Of Gravity) ਲਾਗੂ ਹੁੰਦਾ ਹੈ ਜਿਸ ਮੁਤਾਬਿਕ ਧਰਤੀ ‘ਤੇ ਖੜ੍ਹਕੇ ਉੱਪਰ ਵੱਲ ਸੁੱਟੀ ਚੀਜ਼ ਹੇਠਾਂ ਆਉਣੀ ਹੀ ਆਉਣੀ ਹੈ। ਕੁਦਰਤ ਦੇ ਬਣਾਏ ਇਨ੍ਹਾਂ ਤੱਤਾਂ ਨੇ ਨਿਰਧਾਰਿਤ ਕੀਤੇ ਹੋਏ ਨਿਯਮਾਂ ਮੁਤਾਬਿਕ ਹੀ ਕੰਮ ਕਰਨਾ ਹੈ, ਫ਼ਿਰ ਭਾਵੇਂ ਇਨ੍ਹਾਂ ਦੇ ਸੰਪਰਕ ਵਿਚ ਕੋਈ ਨੇਕ ਨੀਅਤ ਵਾਲਾ ਇਨਸਾਨ ਆਵੇ ਤੇ ਭਾਵੇਂ ਸ਼ੈਤਾਨ ਬਿਰਤੀ ਵਾਲਾ।
4. ਜਿੰਨਾ ਉਹ ਹੁਕਮੀ (ਅਕਾਲ ਪੁਰਖ) ਸਦੀਵੀਂ ਹੈ, ਓਨਾ ਹੀ ਉਸ ਦਾ ਹੁਕਮ ਸਦੀਵੀਂ ਹੈ।
ਸਾਚਾ ਸਾਹਿਬੁ ਸਾਚੁ ਨਾਇ…………॥ – (2)
(ਜਿਸ ਤਰ੍ਹਾਂ ਅਕਾਲ ਪੁਰਖ ਹਮੇਸ਼ਾ ਸੀ, ਹੈ ਅਤੇ ਰਹੇਗਾ। ਉਸੇ ਤਰ੍ਹਾਂ ਉਸ ਦਾ ਨਾਇ (ਹੁਕਮ) ਵੀ ਸੀ, ਹੈ ਅਤੇ ਰਹੇਗਾ।)
ਭਾਵ ਅਕਾਲ ਪੁਰਖ, ਹੁਕਮ ਨੂੰ ਕਦੇ ਵੀ, ਕਿਸੇ ਲਈ ਵੀ, ਕਿਸੇ ਵੀ ਹਾਲਾਤ ਵਿਚ ਬਦਲਦਾ ਨਹੀਂ। ਭਾਵੇਂ ਜਾਦੂ ਟੂਣੇ ਕਰ ਲਏ ਜਾਣ ਅਤੇ ਭਾਵੇਂ ਅਰਦਾਸਾਂ ਕਰ ਲਈਆਂ ਜਾਣ। ਇਸੇ ਸਿਧਾਂਤ ਕਾਰਨ ਨਾਨਕ ਦੀ ਸਿੱਖੀ (ਚਮਤਕਾਰਾਂ) ਵਿਚ ਵਿਸ਼ਵਾਸ ਨਹੀਂ ਕਰਦੀ ਕਿਉਂਕਿ ਅਸੀਂ ਚਮਤਕਾਰ ਕਹਿੰਦੇ ਹੀ ਉਸ ਘਟਨਾ ਨੂੰ ਹਾਂ ਜੋ ਹੁਕਮ (ਕੁਦਰਤੀ ਨਿਯਮਾਂ) ਦੇ ਉਲਟ ਜਾ ਕੇ ਘਟੇ।
5. ਇਸ ਕਾਇਨਾਤ ਦੇ ਮਾਲਕ ਉੱਪਰ ਇਸ ਹੁਕਮ ਦਾ ਕੋਈ ਅਸਰ ਨਹੀਂ।
ਨਾਨਕ ਵਿਗਸੈ ਵੇਪਰਵਾਹੁ ॥ – (2)
(ਪ੍ਰਮਾਤਮਾ ਹੁਕਮ ਤੋਂ ਪਰੇ ਹੈ।) ਭਾਵ, ਜੋ ਨਿਯਮ ਸਾਰੀ ਸ੍ਰਿਸ਼ਟੀ ਉਪਰ ਲਾਗੂ ਹੁੰਦੇ ਹਨ, ਉਹ ਪ੍ਰਮਾਤਮਾ ਉਪਰ ਲਾਗੂ ਨਹੀਂ ਹੁੰਦੇ। ਮਸਲਨ, ਨਾ ਉਹ ਜੰਮਦਾ, ਨਾ ਉਹ ਮਰਦਾ ਹੈ। ਨਾ ਹੀ ਉਸ ਉਪਰ ਕਿਸੇ ਦਾ ਜੋਰ ਚਲਦਾ ਹੈ।
6. ਹੁਕਮ ਨੂੰ ਭਾਵੇਂ ਪਛਾਣਿਆ ਜਾ ਸਕਦਾ ਹੈ, ਪਰ ਸਾਰੇ ਹੁਕਮ ਨੂੰ ਕਦੇ ਵੀ ਜਾਣਿਆ ਨਹੀਂ ਜਾ ਸਕਦਾ।
ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ (2)
(ਜੇ ਅਣਗਿਣਤ ਲੋਕ, ਅਣਗਿਣਤ ਤਰੀਕਿਆਂ ਨਾਲ ਹੁਕਮ ਬਾਰੇ ਵਿਖਿਆਨ ਕਰਨ, ਤਾਂ ਵੀ ਉਸ ਦਾ ਪੂਰਾ ਵਿਖਿਆਨ ਨਹੀਂ ਹੋਸਕਦਾ।)
ਅਸਲ ਵਿਚ ਹੁਕਮ ਸਬੰਧੀ ਮੇਰੀ ਰੁਚੀ ਗੁਰਬਾਣੀ ਦੀ ਹੇਠ ਲਿਖੀ ਤੁਕ ਨੇ ਵਧਾਈ ਜੋ ਮੈਨੂੰ ਹਮੇਸ਼ਾ ਰਹੱਸਮਈ ਲਗਦੀ ਸੀ :
ਜਿਨੀ ਪਛਾਤਾ ਹੁਕਮੁ ਤਿਨੁ ਕਦੇ ਨ ਰੋਵਣਾ ॥ – (523)
(ਜਿਨ੍ਹਾਂ ਨੇ ਹੁਕਮ ਨੂੰ ਪਛਾਣ ਕੇ ਜਿਉਣਾ ਸ਼ੁਰੂ ਕੀਤਾ, ਉਨ੍ਹਾਂ ਨੂੰ ਅਧਿਆਤਮਿਕ ਜੀਵਨ ਵਿਚ ਰੋਣਾ ਨਹੀਂ ਪੈਂਦਾ। ਭਾਵ ਉਹ
ਨਾਕਾਮਯਾਬ ਨਹੀਂ ਹੁੰਦੇ।)
ਹੁਕਮ ਸਬੰਧੀ ਇਸ ਮੁੱਢਲੀ ਜਾਣਕਾਰੀ ਤੋਂ ਬਾਅਦ, ਇੱਕ ਸਿੱਖ ਲਈ ਦੂਜਾ ਕੰਮ ਹੈ ਕਿ ਹੁਕਮ ਨੂੰ ਜਿੰਨਾ ਹੋ ਸਕੇ ਪਛਾਣਿਆ ਜਾਵੇ ਤਾਂ ਕਿ ਉਸ ਮੁਤਾਬਕ ਚੱਲਿਆ ਜਾ ਸਕੇ, ਤਾਂ ਜੋ ਸਚਿਆਰ ਬਣਿਆ ਜਾ ਸਕੇ, ਤਾਂ ਜੋ ਸਦਾ-ਸੁੱਖ ਹੋ ਸਕੇ, ਆਨੰਦ ਅਤੇ ਖੇੜੇ ਦੀ ਅਵੱਸਥਾ ਬਣ ਸਕੇ, ਜ਼ਿੰਦਗੀ ਕਾਮਯਾਬ ਅਤੇ ਬਿਹਤਰ ਢੰਗ ਨਾਲ ਜੀਵੀ ਜਾ ਸਕੇ। ਹੁਕਮ ਵਿਚ ‘ਚੱਲਣ’ ਤੋਂ ਭਾਵ ਹੈ ਕਿ ਜਦੋਂ ਹੁਕਮ ਪਛਾਣ ਲਿਆ ਤਾਂ ਫ਼ਿਰ ਇਸ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰ ਲਿਆ ਜਾਵੇ। ਇਸੇ ਨੂੰ ‘ਤੇਰਾ ਭਾਣਾ ਮਿਠਾ ਲਾਗੈ‘ ਕਿਹਾ ਗਿਆ ਹੈ।
ਹੁਕਮ ਬਾਰੇ ਗੁਰਬਾਣੀ ਵਿਚ ਦੱਸੇ ਗਏ ਉਪਰਲੇ ਸਿਧਾਂਤਾਂ ਦੇ ਆਧਾਰ ‘ਤੇ, ਗੁਰਬਾਣੀ ਵਿਚੋਂ,
ਆਪਣੇ ਤਜਰਬੇ ਅਤੇ ਇਤਿਹਾਸ ਤੋਂਮੈਂ ਹੁਕਮ ਨੂੰ ਜਿੰਨਾ ਪਛਾਣਿਆ, ਸਾਂਝਾ ਕਰ ਰਿਹਾ ਹਾਂ:
1. ਜਨਮ, ਮੌਤ ਅਤੇ ਹੁਕਮ
ਓ. ਜੋ ਪੈਦਾ ਹੁੰਦਾ ਹੈ, ਉਹ ਮਰਦਾ ਵੀ ਹੈ- ਭਾਵੇਂ ਉਹ ਸੁਪਨਾ ਹੋਵੇ, ਖ਼ਿਆਲ ਹੋਵੇ, ਇਨਸਾਨ ਹੋਵੇ, ਪਸ਼ੂ ਹੋਵੇ, ਪੌਦਾ ਹੋਵੇ, ਧਰਤੀ ਹੋਵੇ, ਆਕਾਸ਼ ਹੋਵੇ, ਆਜ਼ਾਦੀ ਹੋਵੇ, ਗੁਲ਼ਾਮੀ ਹੋਵੇ, ਬਾਪ ਹੋਵੇ, ਮਾਂ ਹੋਵੇ, ਭਰਾ ਹੋਵੇ, ਭੈਣ ਹੋਵੇ, ਬੱਚਾ ਹੋਵੇ ਜਾਂ ਜੀਵਨ ਸਾਥੀ।
ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥ – (337)
(ਜੋ ਪੈਦਾ ਹੁੰਦਾ ਹੈ ਉਹ ਮਰਦਾ ਵੀ ਹੈ, ਫ਼ਿਰ ਉਸ ਦੇ ਦੁੱਖ ਵਿਚ ਭਲਾ ਮੈਂ ਕਿਉਂ ਰੋਵਾਂ )
ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥ – (1231)
(ਜੋ ਉਪਜਦਾ ਹੈ ਉਹ ਸਭ ਨਾਸ ਹੋ ਜਾਂਦਾ ਹੈ। ਇਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ )
ਹੁਕਮ ਦਾ ਇਹ ਪੱਖ ਜੇਕਰ ਇਨਸਾਨ ਆਪਣੇ ਜ਼ਹਿਨ ਵਿਚ ਵਸਾ ਲਵੇ ਤਾਂ ਜਦੋਂ ਉਸ ਦਾ ਕੋਈ ਪਿਆਰਾ ਵਿਛੜਦਾ ਹੈ ਤਾਂ ਉਸ ਨੂੰ ਅਡੋਲ ਰਹਿਣ ਵਿਚ ਮਦਦ ਹੋਵੇਗੀ। ਰੱਬ ਉੱਪਰ ਗਿਲ੍ਹਾ ਨਹੀਂ ਹੋਵੇਗਾ।
ਅ. ਕਿਸੇ ਵੀ ਜੀਵਤ ਚੀਜ਼ ਦੇ ਖ਼ਾਤਮੇ ਦਾ ਸਮਾਂ ਨਿਸ਼ਚਿਤ ਨਹੀਂ – ਮਨੁੱਖ ਕਿਸੇ ਵੀ ਚੀਜ਼ ਦੀ ਉਮਰ ਵਧਾਉਣ ਲਈ ਆਪਣੀ ਵਿਗਿਆਨਕ ਯੋਗਤਾ ਅਨੁਸਾਰ ਕੋਸ਼ਿਸ਼ ਕਰ ਸਕਦਾ ਹੈ, ਪਰ ਉਸ ਦੀ ਮਿਆਦ ਸਬੰਧੀ ਨਿਸ਼ਚਿਤ ਨਹੀਂ ਹੋ ਸਕਦਾ। ਜਿਵੇਂ ਅੱਜ ਵਿਗਿਆਨਕ ਤਰੱਕੀ ਬਦੌਲਤ ਇਨਸਾਨ ਦੀ ਔਸਤਨ ਉਮਰ ਵਿਚ ਵਾਧਾ ਹੋਇਆ ਹੈ ਪਰ ਕਿਸੇ ਲਈ ਵੀ ਇਹ ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਕਿ ਉਹ ਇੰਨੇ ਸਾਲ ਜ਼ਰੂਰ ਜੀਵੇਗਾ। ਕਈ ਵਾਰ ਕਿਸੇ ਦੇ ਛੋਟੀ ਉਮਰੇ ਤੁਰ ਜਾਣ ਦੀ ਘਟਨਾ ਨੂੰ ਵੀ ‘ਰੱਬ ਵੱਲੋਂ ਧੱਕਾ’ ਕਰਾਰ ਦਿੱਤਾ ਜਾਂਦਾ ਹੈ ਜਦੋਂਕਿ ਇਹ ਵੀ ਹੁਕਮ ਦਾ ਹਿੱਸਾ ਹੀ ਹੈ।
ੲ. ਜਨਮ ਦਾ ਘਰ ਅਤੇ ਹੁਕਮ – ਇੱਕ ਬੱਚਾ ਦੁਨੀਆਂ ਦੇ ਸਭ ਤੋਂ ਅਮੀਰ ਘਰ ਵਿਚ ਜਨਮ ਲੈਂਦਾ ਹੈ ਅਤੇ ਦੂਜਾ ਭੁੱਖਮਰੀ ਨਾਲ ਜੂਝ ਰਹੇ ਕਿਸੇ ਪਰਿਵਾਰ ਵਿਚ। ਬਹੁਤੇ ਲੋਕ ਸਾਰੀ ਉਮਰ ਰੱਬ ਨੂੰ ਇਸ ਗੱਲ ਦਾ ਉਲਾਂਭਾ ਦਿੰਦੇ ਰਹਿੰਦੇ ਹਨ ਕਿ ਸਾਨੂੰ ਕਿਉਂ ਕਿਸੇ ਗ਼ਰੀਬ ਪਰਿਵਾਰ ਵਿਚ ਪੈਦਾ ਕੀਤਾ। ਇਸ ਤਰ੍ਹਾਂ ਸੋਚ ਕੇ ਦੁਖੀ ਹੋਣ ਨਾਲ ਵਰਤਾਰਾ ਬਦਲ ਨਹੀਂ ਜਾਣਾ। ਉਸ ਦਾ ਸਾਰਾ ਹੁਕਮ ਕਦੇ ਸਮਝਿਆ ਨਹੀਂ ਜਾਣਾ। ਬਿਹਤਰ ਹੈ, ਜੋ ਮਿਲਿਆ ਹੈ, ਉਸ ਨਾਲ ਜੀਵਨ ਸੰਵਾਰਨ ਦੀ ਕੋਸ਼ਿਸ਼ ਕਰੀਏ।
2. ਹਾਲਾਤ ਅਤੇ ਹੁਕਮ
ਓ. ਇੱਕ ਬੱਚਾ ਸਾਰੀ ਉਮਰ ਅਨਾਥ ਦੀ ਜ਼ਿੰਦਗੀ ਜਿਉਂਦਾ ਹੈ ਅਤੇ ਦੂਸਰੇ ਬੱਚੇ ਨੂੰ ਮਾਂ-ਬਾਪ, ਦਾਦਾ-ਦਾਦੀ, ਭੈਣ-ਭਰਾਵਾਂ ਨਾਲ ਭਰਿਆ ਪਰਿਵਾਰ ਮਿਲਦਾ ਹੈ। ਇਹ ਵੀ ਹੁਕਮ ਦਾ ਹੀ ਹਿੱਸਾ ਹੈ। ਜੋ ਵੀ ਹੁਕਮ ਤੁਹਾਡੇ ਹਿੱਸੇ ਆਇਆ ਹੈ, ਗੁਰੂ ਦੀ ਮੱਤ ਲੈ ਕੇ ਜ਼ਿੰਦਗੀ ਦੇ ਹਰ ਪਹਿਲੂ ਵਿਚ ਕਾਮਯਾਬ ਹੋਣ ਦਾ ਯਤਨ ਕਰੀਏ। ਅੱਜ ਦਾ ਮਨੁੱਖ ਅਚਨਚੇਤ ਕਈ ਅਜਿਹੇ ਹਾਲਾਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਜੋ ਉਸ ਨੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਹੁੰਦਾ। ਅੱਤਵਾਦ, ਜੰਗਾਂ, ਵਿੱਤੀ ਘਾਟੇ, ਅਚਨਚੇਤ ਮੌਤਾਂ, ਕਈ ਅਜਿਹੀਆਂ ਅਣਸੁਖਾਵੀਆਂ ਸਥਿਤੀਆਂ ਪੈਦਾ ਕਰ ਦਿੰਦੀਆਂ ਹਨ ਕਿ ਇਨਸਾਨ ਸਿੱਧਾ ਰੱਬ ਨੂੰ ਗਾਲ੍ਹਾਂ ਕੱਢਣ ਲੱਗ ਪੈਂਦਾ ਹੈ। ਕਈਆਂ ਦੇ ਘਰ ਅਪਾਹਜ ਬੱਚੇ ਪੈਦਾ ਹੋ ਜਾਂਦੇ ਹਨ, ਕਈ ਖੁਦ ਕਿਸੇ ਮਾਰੂ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਅਜਿਹਾ ਆਪਣੀ ਗ਼ਲਤੀ ਨਾਲ ਹੁੰਦਾ ਜਾਂ ਫ਼ਿਰ ਕਿਸੇ ਹੋਰ ਦੀ। ਕਈ ਮਾੜੇ ਹਾਲਾਤ ਇਸ ਲਈ ਵੀ ਬਣਦੇ ਹਨ ਕਿਉਂਕਿ ਮਨੁੱਖਤਾ ਹਾਲੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਈ। ਇਨਸਾਨ ਇੱਕ ਜੰਗਲੀ ਜਾਨਵਰ ਵਾਂਗ ਲੱਖਾਂ ਸਾਲ ਜੰਗਲਾਂ, ਪਹਾੜਾਂ ਵਿਚ ਰਿਹਾ ਹੈ। ਹਾਲੇ ਉਹ ਜੰਗਲੀ ਕਬੀਲਿਆਂ ਵਾਲੀ ਮਾਨਸਿਕਤਾ, ਇਨਸਾਨ ਵਿਚੋਂ ਪੂਰੀ ਤਰ੍ਹਾਂ ਗਈ ਨਹੀਂ। ਹਾਲੇ ਇਸ ਨੇ ਸਰਬੱਤ ਦਾ ਭਲਾ ਮੰਨ ਕੇ ਜਿਉਣਾ ਨਹੀਂ ਸਿੱਖਿਆ। ਆਪਣੇ ਸਵਾਰਥ ਲਈ ਕਿਸੇ ਹੋਰ ਦਾ ਨੁਕਸਾਨ ਕਰਨ ਲਈ ਤਤਪਰ ਰਹਿੰਦਾ ਹੈ। ਇਹ ਸਾਰਾ ਵਰਤਾਰਾ ਵੀ ਹੁਕਮ ਦਾ ਹਿੱਸਾ ਹੈ। ਜੇ ਇਹ ਹੁਕਮ ਪਛਾਣ ਲਿਆ ਤਾਂ ਜ਼ਿਆਦਾ ਸੁਚੇਤ ਹੋ ਕੇ ਜੀਵਿਆ ਜਾ ਸਕਦਾ ਹੈ, ਮਨੁੱਖਤਾ ਨੂੰ ਬਿਹਤਰ ਬਨਾਉਣ ਲਈ ਉਦਮ ਵੀ ਆਪ ਮੁਹਾਰੇ ਹੀ ਹੋਵੇਗਾ।
ਅ. ਸਿਰਫ਼ ਬਦਲਾਵ ਹੀ ਸਥਿਰ ਹੈ – ਬਦਲਾਵ ਹੁਕਮ ਦਾ ਇੱਕ ਵੱਡਾ ਪੱਖ ਹੈ। ਉਸ ਰਚਨਹਾਰੇ ਤੋਂ ਬਿਨਾ ਸਭ ਕੁਝ ਬਦਲਾਵ ਦੀ ਚੱਕੀ ਵਿਚੋਂ ਗੁਜ਼ਰਦਾ ਰਹਿੰਦਾ ਹੈ। ਫ਼ਿਰ ਭਾਵੇਂ ਮਨ ਹੋਵੇ, ਕਿਰਦਾਰ ਹੋਵੇ, ਸਮਾਜ ਹੋਵੇ ਜਾਂ ਮੌਸਮ। ਪੱਤੇ ਹੋਣ ਜਾਂ ਹਾਲਾਤ, ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਹੁਕਮ ਦੇ ਇਸ ਪੱਖ ਦੀ ਪਛਾਣ ਸਾਨੂੰ ਦੁੱਖ ਦੀ ਘੜੀ ਵਿਚ ਮਾਯੂਸ ਨਹੀਂ ਕਰਦੀ ਅਤੇ ਖੁਸ਼ੀ ਮੌਕੇ, ਆਪਿਓਂ ਬਾਹਰ ਨਹੀਂ ਕਰਦੀ।
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥ – (64)
(ਸੂਰਜ, ਚੰਦ ਅਤੇ ਤਾਰਿਆਂ ਵਾਂਗ, ਕਾਇਨਾਤ ਵਿਚਲੀ ਹਰ ਰਚਨਾ, ਹਰ ਪਲ, ਦਿਨ ਰਾਤ, ਲਗਾਤਾਰ ਬਦਲਾਵ ਵਿਚੋਂ ਗੁਜਰ ਰਹੀ ਹੈ।ਨਾਨਕ, ਉਸ ਪ੍ਰਮਾਤਮਾ ਨੂੰ ਧਿਆ ਜੋ ਕਿਸੇ ਬਦਲਾਵ ਵਿਚੋਂ ਨਹੀਂ ਗੁਜਰਦਾ, ਸਦਾ ਅਡੋਲ ਹੈ ਅਤੇ ਸਦਾ ਲਈ ਹੈ।
3. ਕੂੜ ਵਿਰੁੱਧ ਲੜਾਈ ਅਤੇ ਹੁਕਮ
ਅੱਤਿਆਚਾਰ ਵਿਰੁੱਧ ਲੜਨ ਵਾਲੇ ਇਸ ਦੁਨੀਆ ਵਿਚ ਹਮੇਸ਼ਾ ਤੋਂ ਰਹੇ ਹਨ। ਅੱਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ‘ਤੇ ਹੋਏ ਜ਼ੁਲਮਾਂ ਬਾਰੇ ਪੜ੍ਹ, ਸੁਣ, ਦੇਖ ਕੇ ਕਈ ਵਾਰ ਦੁੱਖ ਹੁੰਦਾ ਹੈ ਅਤੇ ਇਹ ਪ੍ਰਸ਼ਨ ਵੀ ਮਨ ਵਿਚ ਉੱਠਦਾ ਹੈ ਕਿ ਇਨ੍ਹਾਂ ਨੇਕ ਇਨਸਾਨਾਂ ਨਾਲ ਅਜਿਹਾ ਕਿਉਂ ਵਾਪਰਦਾ ਹੈ? ਪਰ ਆਪਣੀ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਹੁਕਮ ਸਮਝ ਲੈਣਾ ਚਾਹੀਦਾ ਹੈ ਕਿ ਕੂੜ ਵਿਰੁੱਧ ਉਠਾਈ ਆਵਾਜ਼ ਨੇੜਲੇ ਭਵਿੱਖ ਵਿਚ ਸਰੀਰਕ, ਸਮਾਜਿਕ, ਮਾਨਸਿਕ ਅਤੇ ਵਿੱਤੀ ਮੁਸੀਬਤਾਂ ਦਾ ਕਾਰਨ ਬਣ ਸਕਦੀ ਹੈ। ਫ਼ਿਰ ਭਾਵੇਂ ਚਰਖੜੀਆਂ ‘ਤੇ ਚੜ੍ਹਨਾ ਪਵੇ, ਸੀਸ ਲਹਾਉਣਾ ਪਵੇ, ਨੀਂਹਾਂ ਵਿਚ ਖੜ੍ਹਨਾ ਪਵੇ, ਫਾਂਸੀ ਚੜ੍ਹਨਾ ਪਵੇ, ਜ਼ਲੀਲ ਹੋਣਾ ਪਵੇ, ਕਚਿਹਰੀਆਂ ਦੇ ਚੱਕਰਾਂ ਵਿਚ ਪੈਣਾ ਪਵੇ ਜਾਂ ਵਿੱਤੀ ਤੰਗੀ ਝੱਲਣੀ ਪਵੇ। ਇਸ ਦਾ ਇੱਕ ਦੂਜਾ ਪਹਿਲੂ ਵੀ ਹੈ। ਕੂੜ ਦੇਖ ਕੇ ਜਰਨਾ ਜਾਂ ਇਸ ਦਾ ਹਿੱਸਾ ਬਣਨਾ, ਨੇੜਲੇ ਭਵਿੱਖ ਵਿਚ ਭਾਵੇਂ ਸਰੀਰਕ ਸੁੱਖ ਕਿਉਂ ਨਾ ਲੈ ਕੇ ਆਵੇ ਪਰ ਅਧਿਆਤਮਿਕ ਤੌਰ ‘ਤੇ ਕੰਗਾਲੀ ਜ਼ਰੂਰ ਲੈ ਕੇ ਆਉਂਦਾ ਹੈ। ਇਸ ਲਈ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਕੇਵਲ ਚੋਣ ਕਰਨੀ ਹੈ ਅਤੇ ਨਤੀਜਾ ਭੋਗਣਾ ਹੈ।
4. ਮਾਨਸਿਕ ਅਤੇ ਅਧਿਆਤਮਿਕ ਹੁਕਮ
ਓ. ਔਗੁਣ ਅਤੇ ਹੁਕਮ – ਗੁਰਬਾਣੀ ਸਪੱਸ਼ਟ ਕਰਦੀ ਹੈ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਔਗੁਣ ਹੀ ਮਾਨਸਿਕ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਹਨ ਅਤੇ ਇਹੋ ਅੜਿੱਕੇ ਨੇ ਰੱਬੀ ਸੁੱਖ ਦੇ ਰਸਤੇ ਵਿਚ। ਔਗੁਣਾਂ ਨੂੰ ਹੀ ਗੁਰੂ ਸਾਹਿਬਾਨਾਂ ਨੇ ਬਾਣੀ ਵਿਚ ਜਮੁ/ਜਮਦੂਤ ਕਿਹਾ ਹੈ ਜੋ ਹਮੇਸ਼ਾ ਇਨਸਾਨ ਨੂੰ ਮਾਨਸਿਕ ਮੌਤ ਵੱਲ ਖਿੱਚਦੇ ਰਹਿੰਦੇ ਹਨ।
ਕਾਮਿ ਕ੍ਰੋਧਿ ਲੋਭਿ ਮਨੁ ਲੀਨਾII ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥ – (1143)
(ਜਿਵੇਂ ਪਾਣੀ ਬਿਨਾ, ਮੱਛੀ ਤੜਪਦੀ ਹੈ ਉਸੇ ਤਰ੍ਹਾਂ ਮਨ ਵਿਚ ਕਾਮ, ਕ੍ਰੋਧ ਅਤੇ ਲੋਭ ਵਰਗੇ ਵਿਕਾਰ ਹੋਣ ਕਾਰਨ ਇਨਸਾਨ
ਦਾ ਮਨ ਤੜਪਦਾ ਰਹਿੰਦਾ ਹੈ।)
ਅ. ਗੁਣ ਅਤੇ ਹੁਕਮ – ਸਦਾ ਸੁੱਖ ਦੀ ਅਵੱਸਥਾ ਲਈ ਰੱਬੀ ਗੁਣ ਆਪਣੇ ਆਪ ਵਿਚ ਪੈਦਾ ਕਰਨੇ ਹੋਣਗੇ। ਇਹ ਨਾਨਕ ਵੱਲੋਂ
ਮਨੁੱਖਤਾ ਨੂੰ ਦੱਸਿਆ ਸਭ ਤੋਂ ਅਹਿਮ ਹੁਕਮ ਹੈ। ਸਿਰਫ਼ ਅਰਦਾਸਾਂ ਕਰਕੇ, ਖਾਸ ਸ਼ਬਦਾਂ ਦਾ ਰਟਨ ਕਰਕੇ ਇਹ ਅਵੱਸਥਾ ਪ੍ਰਾਪਤ ਨਹੀਂ ਹੋਣੀ, ਭਾਵੇਂ ਜਿੰਨਾ ਮਰਜ਼ੀ ਪਾਖੰਡ ਕਰ ਲਿਆ ਜਾਵੇ, ਭਾਵੇਂ ਕਿੰਨੇ ਹੀ ਤੱਪ ਕਰ ਲਏ ਜਾਣ, ਤੀਰਥ ਨਹਾ ਲਏ ਜਾਣ, ਸਭ ਬੇਅਰਥ ਹੈ। ਇਸੇ ਲਈ ਗੁਰੂ ਜੀ ਨੇ ਫ਼ਰਮਾਇਆ :
ਨਾਨਕ ਕੈ ਘਰਿ ਕੇਵਲ ਨਾਮੁ ॥ – (1136)
(ਨਾਨਕ ਸਾਨੂੰ ਕੇਵਲ ਗੁਣਾਂ ਦੀ ਖ਼ੁਰਾਕ ਹੀ ਦੇ ਸਕਦਾ ਹੈ)
ਕਿਉਂਕਿ ਇਹੋ ਇੱਕੋ ਇੱਕ ਰਸਤਾ ਹੈ ਪ੍ਰਮਾਤਮਾ ਨੂੰ ਮਿਲਣ ਦਾ। ਉੱਦਮ, ਮਿਹਨਤ, ਗਿਆਨ, ਸਹਿਜ, ਸੰਤੋਖ, ਦਇਆ, ਨਿਰਭਉ, ਨਿਰਵੈਰ, ਮਿੱਠਾ ਬੋਲਣਾ, ਸਿਰਜਨਾਤਮਕਤਾ, ਸਿਫ਼ਤ-ਸਲਾਹੁ ਆਦਿ ਅਨੇਕਾਂ ਗੁਣ ਨੇ ਜਿਨ੍ਹਾਂ ਦਾ ਵਪਾਰ ਕਰਨ ਦਾ ਸੁਨੇਹਾ ਗੁਰੂ ਦਿੰਦਾ ਹੈ। ਇੱਥੇ ਵੀ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਗੁਰਬਾਣੀ ਮੁਤਾਬਿਕ ਗੁਣ ਦੇਣ ਵਾਲਾ, ਗੁਣਾਂ ਦਾ ਸਰੋਤ ਕੇਵਲ ਅਕਾਲ ਪੁਰਖ ਹੀ ਹੈ।
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ – (2)
(ਜਿਸ ਤਰ੍ਹਾਂ ਪ੍ਰਮਾਤਮਾ ਨੇ ਗੁਣਵਾਣ ਵਿਅਕਤੀਆਂ ਨੂੰ ਗੁਣ ਦਿੱਤੇ ਹਨ ਉਸੇ ਤਰ੍ਹਾਂ ਨਿਰਗੁਣਿਆਂ ਨੂੰ ਵੀ ਓਹੀ ਗੁਣ ਦੇ
ਸਕਦਾ ਹੈ।)
ਸੋ ਮਨੁੱਖ ਨੂੰ ਚੋਣ ਦੀ ਖੁੱਲ੍ਹ ਹੈ ਪਰ ਹੁਕਮ ਅਟੱਲ ਹੈ- ਕੀ? ਇਹੀ ਕਿ ਔਗੁਣ ਦੁੱਖ ਨੇ ਅਤੇ ਗੁਣ ਸੁੱਖ। ਜੋ ਚੁਣਨਾ ਹੈ ਚੁਣ ਲਓ। ਜੇ ਇਹ ਹੁਕਮ ਸਮਝ ਕੇ ਵੀ ਨਾ ਅਪਣਾਇਆ ਤਾਂ ਫ਼ਿਰ ਆਪਣੇ ਦੁੱਖਾਂ ਲਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ – (433)
(ਆਪਣੇ ਦੁੱਖਾਂ ਪਿੱਛੇ ਆਪਣੇ ਹੀ ਕੀਤੇ ਕੰਮ ਜ਼ਿੰਮੇਵਾਰ ਹਨ। ਕਿਸੇ ਹੋਰ ਨੂੰ ਦੋਸ਼ ਦੇਣ ਦਾ ਕੋਈ ਫ਼ਾਇਦਾ ਨਹੀਂ।)
ੲ. ਸਿਫ਼ਤ ਸਲਾਹੁ – ਬਹੁਤੇ ਗੁਣਾਂ ਵਿਚੋਂ ਇੱਕ ਗੁਣ ਜਿਸ ਉੱਪਰ ਸ਼ਾਇਦ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ, ਉਹ ਹੈ ਸਿਫਤ ਸਲਾਹੁ ਦਾ ਗੁਣ। ਭਾਵ, ਕਰਤੇ ਪ੍ਰਤੀ ਸ਼ੁਕਰਾਨੇ ਦਾ ਭਾਉ (ਅਹਿਸਾਸ)। ਸ਼ੁਕਰਾਨਾ ਸਾਹਾਂ ਦਾ, ਧਰਤੀ ਵਰਗੇ ਸੋਹਣੇ ਗ੍ਰਹਿ ਦਾ, ਤੰਦਰੁਸਤੀ ਦਾ, ਇਨਸਾਨ ਹੋਣ ਦਾ, ਫਲ-ਸਬਜ਼ੀਆਂ ਜਿਹੇ ਚਮਤਕਾਰੀ ਉਤਪਾਦਾਂ ਦਾ, ਅਤਿ ਸੂਖਮ ਮਨੁੱਖੀ ਸਰੀਰ ਦਾ, ਦਿੱਤੇ ਹੋਏ ਦਿਮਾਗ ਦਾ, ਬਖ਼ਸ਼ੇ ਹੋਏ ਗੁਣਾਂ ਦਾ ਅਤੇ ਜੋ ਵੀ ਹੋਰ ਅਹਿਸਾਸ ਕਰ ਸਕੀਏ। ਕਰਤੇ ਦੇ ਸੋਹਲੇ ਗਾਉਣ ਦਾ ਨਤੀਜਾ (ਹੁਕਮ) ਇਹ ਹੈ ਕਿ ਇਹ ਕੰਮ ਸਾਨੂੰ ਸਦਾ ਸੁੱਖ ਦੀ ਮਨੋਸਥਿਤੀ ਵਿਚ ਲੈ ਜਾਂਦਾ ਹੈ ਜਿਸ ਤਰ੍ਹਾਂ ਸੋਹਿਲੇ ਦੀ ਬਾਣੀ ਵਿਚ ਅੰਕਿਤ ਹੈ :
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇਆ ॥ ਰਹਾਉ ॥ – 12
(ਤੂੰ ਮੇਰੇ ਨਿਰਭਉ ਪ੍ਰਮਾਤਮਾ ਦੀਆਂ ਸਿਫ਼ਤਾਂ ਦਾ ਸੋਹਿਲਾ ਗਾ। ਭਾਵ ਉਨ੍ਹਾਂ ਸਿਫਤਾਂ ਨੂੰ ਆਪਣੇ ਅੰਦਰ ਵਸਾ ਲੈ। ਮੈਂ ਐਸੇ
ਸੋਹਿਲੇ ਤੋਂ ਕੁਰਬਾਨ ਹਾਂ ਜਿਸ ਸਦਕਾ ਮਨ ਵਿਚ ਸਦਾ ਲਈ ਸੁੱਖ ਵਸ ਜਾਂਦਾ ਹੈ।)
ਸੋ ਉਮੀਦ ਕਰਦਾ ਹਾਂ ਕਿ ਉੱਪਰ ਦਿੱਤੀਆਂ ਉਦਾਹਰਨਾਂ ਤੋਂ ‘ਹੁਕਮ’ ਦੇ ਸਿਧਾਂਤ ਨੂੰ ਸਮਝਣ ਵਿਚ ਆਸਾਨੀ ਹੋਵੇਗੀ। ਪੂਰੀ ਸਾਇੰਸ ਅਸਲ ਵਿਚ ਹੁਕਮ ਦੇ ਸਿਧਾਂਤ ਉੱਪਰ ਕੰਮ ਕਰਦੀ ਹੈ। ਸਾਇੰਸਦਾਨ, ਕੁਦਰਤ ਵਿਚ ਚੱਲ ਰਹੇ ਹੁਕਮ ਨੂੰ ਪਛਾਣਦੇ ਹਨ ਤੇ ਫਿਰ ਉਸ ਹੁਕਮ ਦੇ ਆਧਾਰ ਤੇ ਨਵੇਂ-ਨਵੇਂ ਉਤਪਾਦ ਅਤੇ ਤਕਨੀਕਾਂ ਵਿਕਸਿਤ ਕਰਦੇ ਹਨ। ਜਿਵੇਂ ਪੰਛੀਆਂ ਦੀ ਉਡਾਨ ਪਿਛਲੇ ਹੁਕਮ ਨੂੰ ਸਮਝ ਕੇ ਹਵਾਈ ਜਹਾਜ਼ ਬਣਾਏ ਗਏ, ਮਨੁੱਖੀ ਸਰੀਰ ਸਬੰਧੀ ਹੁਕਮ ਨੂੰ ਸਮਝ ਕੇ ਇੰਜਨ ਦਾ ਡਿਜ਼ਾਇਨ ਬਣਾਇਆ ਗਿਆ, ਵੇਲ੍ਹ ਮੱਛੀ ਸਬੰਧੀ ਹੁਕਮ ਦੇ ਆਧਾਰ ‘ਤੇ ਪਣਡੁੱਬੀ ਇਜ਼ਾਦ ਕੀਤੀ ਗਈ, ਕਿੰਗਫ਼ਿਸ਼ਰ ਨਾਮੀਂ ਪੰਛੀ ਦੀ ਚੁੰਝ ਅਤੇ ਸਰੀਰਕ ਬਣਾਵਟ ਅਨੁਸਾਰ ਬੁਲੇਟ ਟਰੇਨ ਦਾ ਬਾਹਰੀ ਢਾਂਚਾ ਤਿਆਰ ਕੀਤਾ ਗਿਆ। ਵਾਤਾਵਰਨ ਵਿਚਲੀਆਂ ਤਰੰਗਾਂ ਸਬੰਧੀ ਜਾਣ ਕੇ ਟੈਲੀਫੋਨ, ਇੰਟਰਨੈੱਟ ਆਦਿ ਤਕਨੀਕਾਂ ਦੀ ਖੋਜ ਹੋਈ। ਇਸੇ ਤਰ੍ਹਾਂ ਵੱਖ ਵੱਖ ਪੌਦਿਆਂ, ਜੜ੍ਹੀ ਬੂਟੀਆਂ, ਰਸਾਇਣਾਂ ਸਬੰਧੀ ਹੁਕਮ ਪਛਾਣ ਕੇ ਦਵਾਈਆਂ ਬਣਾਈਆਂ ਜਾਂਦੀਆਂ ਹਨ। ਲਗਭਗ 550 ਸਾਲ ਪਹਿਲਾਂ ਬਾਬੇ ਨਾਨਕ ਨੇ ਹੁਕਮ ਪਛਾਨਣ ਦੀ ਸਿੱਖਿਆ ਦਿੱਤੀ ਅਤੇ ਬਹੁਤੇ ਮੁਲਕਾਂ ਅਤੇ ਕੌਮਾਂ ਨੇ ਹੁਕਮ ਦੇ ਆਧਾਰ ‘ਤੇ ਬੇਹੱਦ ਵਿਗਿਆਨਕ ਤਰੱਕੀ ਕੀਤੀ ਅਤੇ ਅੱਜ ਪੂਰੀ ਦੁਨੀਆਂ ਉੱਪਰ ਉਹ ਰਾਜ ਕਰ ਰਹੇ ਹਨ। ਦੂਜੇ ਪਾਸੇ ਗੁਰੂ ਨਾਨਕ ਦੇ ਸਿੱਖ ਜੋ ਸਭ ਤੋਂ ਵੱਧ ਵਿਗਿਆਨਕ ਸੋਚ ਵਾਲੇ ਹੋਣੇ ਚਾਹੀਦੇ ਸਨ, ਉਹ ਅੱਜ ਮੱਝ ਦਾ ਦੁੱਧ ਵਧਾਉਣ ਲਈ, ਬਿਮਾਰੀਆਂ ਠੀਕ ਕਰਾਉਣ ਲਈ, ਬੱਚੇ ਪੈਦਾ ਕਰਾਉਣ ਲਈ, ਨੌਕਰੀਆਂ ਵਿਚ ਤਰੱਕੀਆਂ ਹਾਸਲ ਕਰਨ ਲਈ, ਠੱਗ ਬਾਬਿਆਂ, ਮੜ੍ਹੀਆਂ ਤੇ ਗੂਗਿਆਂ ਨੂੰ ਪੂਜੀ ਜਾਂਦੇ ਨੇ ਜਾਂ ਫ਼ਿਰ ਆਪਣੀਆਂ ਮੁਸੀਬਤਾਂ ਦਾ ਇੱਕੋ ਇੱਕ ਹੱਲ੍ਹ ਅਖੰਡ ਪਾਠ, ਅਰਦਾਸਾਂ ਅਤੇ ਲੰਗਰ ਨੂੰ ਹੀ ਸਮਝ ਲਿਆ ਹੈ। ਪਰ ਬਾਬੇ ਨਾਨਕ ਅਨੁਸਾਰ ਤਾਂ ਦੁਨਿਆਵੀ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਤਕਨੀਕ, ਵਿਦਿਆ ਅਤੇ ਮਿਹਨਤ ਦਾ ਹੁਕਮ ਹੀ ਅਪਨਾਉਣਾ ਪਵੇਗਾ।
ਇਸ ਤੋਂ ਇਲਾਵਾ ਅਧਿਆਤਮਿਕ ਅਤੇ ਮਾਨਸਿਕ ਉੱਨਤੀ ਲਈ, ਸਾਹਿਬ ਸਿਉ ਮੇਲ ਲਈ, ਸਦਾ ਸੁਖ ਅਤੇ ਚੜ੍ਹਦੀਕਲਾ ਲਈ ਬਾਬੇ ਨਾਨਕ ਨੇ ਕਿਰਪਾ ਕਰਕੇ ਗੁਣਾਂ ਅਤੇ ਔਗੁਣਾਂ ਵਾਲਾ ਬੜਾ ਸਿੱਧਾ ਜਿਹਾ ਹੁਕਮ ਸੁਝਾਇਆ ਹੈ। ਗੁਰੂ ਸਾਹਿਬਾਨਾਂ ਮੁਤਾਬਿਕ ਇਹ ਜਗਤ ਤਮਾਸ਼ਾ, ਇੱਕ ਖੇਡ ਹੈ ਅਤੇ ਅਸੀਂ ਹਾਂ ਇਸ ਦੇ ਖਿਡਾਰੀ। ਨਾਨਕ ਹੈ ਸਾਡਾ ਕੋਚ ਜੋ ਨਿਯਮ ਅਤੇ ਖੇਡਣ ਦੇ ਤੌਰ-ਤਰੀਕੇ ਦੱਸਦਾ ਹੈ। ਹੁਣ ਮਰਜ਼ੀ ਸਾਡੀ ਹੈ ਕਿ ਇਹ ਜ਼ਿੰਦਗੀ ਰੂਪੀ ਖੇਡ ਬਿਨਾ ਨਿਯਮ ਸਿੱਖੇ ਖੇਡਣੀ ਹੈ ਜਾਂ ਫ਼ਿਰ ਨਿਯਮਾਂ ਮੁਤਾਬਕ।
ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥ – (748)
(ਅਕਾਲ ਪੁਰਖ ਨੇ ਜਗਤ ਰੂਪੀ ਇੱਕ ਖੇਡ ਰਚਾਈ ਹੈ ਅਤੇ ਖੁਦ ਹੀ ਇਸ ਵਿਚ ਵਸਿਆ ਹੋਇਆ, ਇਸ ਨੂੰ ਦੇਖ ਰਿਹਾ ਹੈ।)
ਮਨਿੰਦਰ ਸਿੰਘ
terahukum@gmail.com
04.04.2018