Bhai Gurbaksh Singh ji deaan abhull yaadan – Bhai Gurcharan Singh jeonwallah ਨਿਧੱੜਕ ਤੇ ਬੁਲੰਦ ਅਵਾਜ਼ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਯਾਦਾਂ
ਨਿਧੱੜਕ ਤੇ ਬੁਲੰਦ ਅਵਾਜ਼ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਯਾਦਾਂ
ਅੱਜ ਸਵੇਰੇ ਆਖਰ ਓਹ ਘੜੀ ਆ ਹੀ ਗਈ ਜਦੋਂ ਇਸ ਮਨੁੱਖੀ ਮਸ਼ੀਨਰੀ ਨੇ ਰੁਕ ਹੀ ਜਾਣਾ ਹੁੰਦਾ ਹੈ। ਤਕਰੀਬਨ 98 ਸਾਲ ਦੀ ਲੰਬੀ ਉਮਰ ਭੋਗ ਕੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਅਤੇ ਆਪਣੀਆਂ ਬੇਸ਼-ਕੀਮਤੀ ਕਿਤਾਬਾਂ, ਜਿਨ੍ਹਾ ਦੀ ਗਿਣਤੀ 13 ਹੈ, ਸਿੱਖ ਕੌਮ ਦੇ ਪੱਲੇ ਪਾ ਨਾਮਣਾ ਖੱਟ ਗਏ। ਮਾਰਚ 2018 ਵਿਚ ਗੁਰਬਖਸ਼ ਸਿੰਘ ਜੀ ਨਾਲ ਆਖਰੀ ਮੁਲਾਕਾਤ ਹੋਈ ਤੇ ਉਨ੍ਹਾ ਇਤਰਾਜ਼ ਜਤਾਇਆ ਕਿ ਮੈਂ ਜਲਦੀ ਜਲਦੀ ਮਿਲਣ ਕਿਉਂ ਨਹੀਂ ਆਉਂਦਾ। 97 ਸਾਲ ਦੀ ਉਮਰ ਵਿਚ ਵੀ ਉਨ੍ਹਾ ਨੂੰ ਸੱਭ ਕੁੱਝ ਯਾਦ ਸੀ ਕਿ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਣਾਉਣ ਅਤੇ ਸਿੱਖੀ ਦੇ ਪ੍ਰਚਾਰ ਵਿਚ ਜੁਟ ਜਾਣ ਦੀਆ ਗੱਲਾਂ ਜਾਂ ਸਕੀਮਾਂ ਅਸੀਂ ਸਿਰਦਾਰ ਹਰਦੇਵ ਸਿੰਘ ਸ਼ੇਰਗਿੱਲ ਦੇ ਰੋਜ਼ਵਿਲ ਗੁਰਦਵਾਰੇ ਵਿਚ ਬਣਾਈਆਂ ਅਤੇ ਸਿਰੇ ਚਾੜੀਆਂ। ਉਹ ਇਹ ਸੁਣ ਕੇ ਬਹੁਤ ਹੀ ਖੁਸ਼ ਹੋਏ ਕਿ ਹੁਣ ਤਕ ਸਿੰਘ ਸਭਾ ਨੇ ਦਸਮ ਗ੍ਰੰਥ ਬਾਰੇ ਸਿੱਖ ਜਨਤਾ ਨੂੰ ਸੁਚੇਤ ਕਰਨ ਲਈ 58 ਹਜ਼ਾਰ ਮੈਗਜ਼ੀਨ, 50 ਹਜ਼ਾਰ ਅਖਬਾਰ ਪੰਜਾਬੀ ਵਿਚ ਅਤੇ 50 ਹਜ਼ਾਰ ਹਿੰਦੀ ਵਿਚ ਛਾਪ ਕੇ ਵੰਡਿਆ ਹੈ। ਜਦੋਂ ਮੈਂ ਛਾਪਾਈ ਦਾ ਸਾਰਾ ਹਾਲ ਬਿਆਨ ਕੀਤਾ ਕਿ ਵੱਖਰੇ ਵੱਖਰੇ ਮਜ਼ਬੂਨ ਲੈ ਕੇ ਹੁਣ ਤਕ ਸਿੰਘ ਸਭਾ ਤਕਰੀਬਨ ਸੱਤ ਲੱਖ ਅਖਬਾਰ/ਮੈਗਜ਼ੀਨ ਅਤੇ ਪੰਜ ਲੱਖ ਡੀ.ਵੀ.ਡੀ.& ਸੀਡੀਜ਼ ਵੰਡ ਚੁੱਕੀ ਹੈ ਤਾਂ ਮੰਜੇ ਵਿਚ ਲੰਮੇ ਪਏ ਸਿਰਦਾਰ ਜੀ ਨੂੰ ਇਤਨਾ ਜੋਸ਼ ਅਇਆ ਕਿ ਇਕ ਦਮ ਖੜਾ ਹੋ ਕੇ ਮੈਨੂੰ ਜੱਫੀ ਵਿਚ ਲੈ ਲਿਆ ਅਤੇ ਗਦ-ਗਦ ਹੋ ਗਏ। ਕਹਿਣ ਲੱਗੇ ਕਿ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਸੱਚ ਉਜਾਗਰ ਹੋ ਕੇ ਹੀ ਰਹੇਗਾ। ਸਿੱਖੀ ਵਿਚ ਆਏ ਨਿਘਾਰ ਨੂੰ ਦੂਰ ਕਰਨ ਲਈ 1872 ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ, ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਸੌੜ ਵਾਲੇ ਪੰਚ ਖਾਲਸਾ ਦੀਵਾਨ ਵਾਲਿਆਂ ਅਤੇ ਹੋਰ ਗੁਰਮੁੱਖ ਪਿਆਰਿਆਂ ਨੇ ਤਨ ਦੇਹੀ ਨਾਲ ਜ਼ੋਰ ਲਾ ਕੇ ਪੁਜਾਰੀ ਜਮਾਤ ਦੇ ਸਿੱਖੀ ਵਿਚ ਪਾਏ ਹੋਏ ਢੇਰ ਸਾਰੇ ਗੰਦ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ। 1962 ਵਿਚ ਮਿਸ਼ਨਰੀ ਕਾਲਜ਼ ਖੁਲਣੇ ਸੁਰੂ ਹੋਏ ਤੇ ਉਸ ਚਲਾਈ ਹੋਈ ਲਹਿਰ ਨੂੰ ਹੋਰ ਹੁੰਘਾਰਾ ਮਿਲਿਆ ਅਤੇ ਹੁਣ ਪੰਜਾਬ ਦੇ ਲੱਗ-ਭਗ 110 ਪਿੰਡਾਂ ਵਿਚ ਪ੍ਰਚਾਰ ਸੈਂਟਰ ਖੁਲ੍ਹ ਚੁੱਕੇ ਹਨ। ਇਹ ਸਾਰਾ ਹਾਲ ਸੁਣ ਕੇ ਬੁੱਢੇ ਸ਼ੇਰ ਦੀਆਂ ਗੱਲਾਂ ਤੇ ਲਾਲੀ ਚਮਕਣ ਲੱਗ ਪਈ ਅਤੇ ਆਪਣੇ ਪ੍ਰੀਵਾਰ ਦੇ ਜੀਆਂ ਨੂੰ ਅਵਾਜਾ ਮਾਰਿਆ ਕਿ ਇਨ੍ਹਾ ਸਿੱਖਾਂ ਵਾਸਤੇ ਚਾਹ-ਪਾਣੀ ਅਤੇ ਬਰਫੀ ਲੈ ਕੇ ਆਓ।
ਪ੍ਰੋ. ਗੁਰਮੁਖ ਸਿੰਘ ਕਲਕੱਤੇ ਤੋਂ ਖਾਲਸਾ ਕਾਲਜ਼ ਵਾਸਤੇ ਉਗਰਾਹੀ ਕਰਕੇ ਜਦੋਂ ਵਾਪਸ ਆਉਂਦੇ ਅੰਬਾਲੇ ਸਟੇਸ਼ਨ ਤੇ ਉਤਰੇ ਤਾਂ ਹਮ ਖਿਆਲੀ ਸੱਜਣਾਂ ਨੇ ਉਨ੍ਹਾਂ ਨੂੰ ਅਖਬਾਰ ਦਾ ਪਹਿਲਾ ਪੰਨਾ ਦਿਖਾਇਆ ਕਿ ਤੁਹਾਨੂੰ ਤਾਂ ਪੁਜਾਰੀਆਂ ਨੇ ਪੰਥ ਵਿਚੋਂ ਛੇਕ ਦਿਤਾ ਹੈ। ਪ੍ਰੋ. ਗੁਰਮੁੱਖ ਸਿੰਘ ਜੀ ਹੋਰਾਂ ਦਾ ਜਵਾਬ ਸੀ ਕਿ ਉਹ ਆਪਣਾ ਕੰਮ ਕਰੀ ਜਾਣ ਤੇ ਮੈਂ ਆਪਣਾ ਕਰੀ ਜਾਣਾ ਹੈ। ਇਨ੍ਹਾ ਪੁਜਾਰੀਆਂ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਤਕ ਕਿਸੇ ਸੂਝਵਾਨ ਸਿੱਖ ਨੂੰ ਮੋਢੀਆਂ ਦੇ ਰੂਪ ਵਿਚ ਅੱਗੇ ਨਹੀਂ ਆਉਣ ਦਿੱਤਾ ਗਿਆ। ਜਿਸ ਕਰਕੇ ਸਿੱਖ ਧਰਮ ਅੱਜ ‘ਤੇਜ-ਧਾਰਕ ਨਾ ਹੋ ਕੇ ਤੇਜ-ਪੂਜਕ’ ਬਣਾ ਦਿੱਤਾ ਗਿਆ ਹੈ। ਪੁਜਾਰੀਆਂ ਨੂੰ ਫਿਰ ਥੁੱਕ ਕੇ ਚੱਟਣਾ ਪਿਆ ਤੇ ਪ੍ਰੋ. ਗੁਰਮੁੱਖ ਸਿੰਘ ਜੀ ਨੂੰ 108 ਸਾਲਾਂ ਬਾਅਦ ਫਿਰ ਆਪਣੇ ਪੰਥ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਗਲਤੀ ਵੀ ਮੰਨ ਲਈ ਗਈ। ਇਹ ਕੰਮ ਤਾਂ ਕਰਿਸਚੀਅਨ ਕੌਮ ਦਾ ਪੋਪ ਵੀ ਕਰਦਾ ਹੈ ਤਾਂ ਫਿਰ ਤੁਸੀਂ ਕਿਹੜੇ ‘ਨਿਰਮਲ ਪੰਥ’ ਦੇ ਪੋਪ ਹੋ? ਓ ਪੁਜਾਰੀਓ! ਤੁਸੀਂ ਮਰ ਚੁੱਕੇ ਇਨਸਾਨ ਦਾ ਆਪਣੇ ਪੰਥ ਵਿਚ ਕੀ ਸ਼ਾਮਲ ਕਰ ਰਹੇ ਹੋ। ਤੁਹਾਨੂੰ ਪਤਾ ਨਹੀਂ ਕਿ ਜਿਉਂਦੇ ਜੀਅ ਉਸ ਇਨਸਾਨ ਨਾਲ ਕੀ ਵਾਪਰੀ ਹੋਵੇਗੀ ਜਦੋਂ ਤੁਸੀਂ ਆਪਣਾ ਫਤਵਾ ਸੁਣਾਇਆ ਸੀ? ਤੁਸੀਂ ਅੱਜ ਸਪੁਰਦ-ਏ-ਖਾਕ ਦਾ ਸਨਮਾਨ ਕਰਕੇ ਸਗੋਂ ਉਸ ਇਨਸਾਨ ਦਾ ਨਿਰਾਦਰ ਕਰ ਰਹੇ ਹੋ। ਵਕਤ ਆਉਣ ਤੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨਾਲ ਵੀ ਇਹ ਕੁੱਝ ਹੋਵੇਗਾ।
2003 ‘ਚ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨਾਲ ਪਹਿਲੀ ਵਾਰ ਚਾਰ ਪੰਜ ਦਿਨ ਲਗਾਤਾਰ ਵੀਚਾਰ ਵਿਟਾਂਦਰਾ ਕਰਨ ਦਾ ਮੌਕਾ ਸਿਰਦਾਰ ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਦੇ ਰੋਜ਼ਵਿਲ ਗੁਰਦਵਾਰੇ ਵਿਚ ਮਿਲਿਆ। ਇਸ ਤੋਂ ਸਾਲ ਜਾਂ ਦੋ ਸਾਲ ਪਹਿਲਾਂ ਉਨ੍ਹਾਂ ਦੀਆਂ ਪਹਿਲੀਆਂ ਦੋ ਕਿਤਾਬਾਂ ਪੜ੍ਹਨ ਦਾ ਮੌਕਾ ਮਿਲ ਚੁਕਿਆ ਸੀ ਜਿਸ ਕਰਕੇ ਮੈਂ ਉਨ੍ਹਾਂ ਦੇ ਵੀਚਾਰਾਂ ਤੋਂ ਜਾਣੂ ਸਾਂ। ਜਾਣ-ਪਹਿਚਾਣ ਦੀ ਹੀ ਦੇਰ ਸੀ ਕਿ ਗੁਰਬਖਸ਼ ਸਿੰਘ ਜੀ ਹੋਰਾਂ ਨਾਲ ਵੈਨਕੂਵਰ ਵਿਚ ਫੂਨ ਤੇ ਹਰ ਰੋਜ਼ ਗੱਲਬਾਤ ਹੋਣੀ ਸ਼ੁਰੂ ਹੋ ਗਈ। ਇਸੇ ਮਿਲਣੀ ਵਿਚ ਹੀ ਡਾ. ਮੱਖਣ ਸਿੰਘ, ਚਮਕੌਰ ਸਿੰਘ ਫਰਿਜ਼ਨੋ, ਸਿਰਦਾਰ ਅਵਤਾਰ ਸਿੰਘ ਮਿਸ਼ਨਰੀ, ਸਰਬਜੀਤ ਸਿੰਘ ਸੈਕਰਾਮਿੰਟੋ, ਅਤੇ ਡਾ. ਮੋਹਨ ਸਿੰਘ ਸਰਾਂ ਅਤੇ ਇਕ ਸਰਕਾਰੀ ਡਾ. ਸੁਰਜੀਤ ਸਿੰਘ ਜੋ ਆਪ ਕੈਮਿਸਟਰੀ ਦੀ ਪੀ.ਐਚ.ਡੀ ਹੋਣ ਦੇ ਬਾਵਜੂਦ ਵੀ ਨਿਅਗਰਾਫਾਲ ਗੁਰਦਵਾਰੇ ਦੀ ਸਟੇਜ਼ ਤੋਂ ਇਹ ਪ੍ਰਚਾਰ ਕਰਦਾ ਸੀ, “ ਇਕ ਮਦਾਰੀ ਜੀਸਿਸ ਦੇ ਬੁਤ ਅੱਗੇ ਆਪਣੇ ਕਰਤਵ ਦਿਖਾ ਰਿਹਾ ਸੀ ਅਤੇ ਮਾਤਾ ਮਰੀਅਮ ਦੇ ਬੁਤ ਨੂੰ ਪਸੀਨਾ ਆ ਗਿਆ ” ਨਾਲ ਜਾਣ-ਪਹਿਚਾਣ ਹੋਈ।
ਸਿਰਦਾਰ ਗੁਰਬਖਸ਼ ਸਿੰਘ ਦੀ ਬੇਬਾਕ ਲਿਖਤ ਦੀਆਂ ਧੁੰਮਾਂ ਹਾਲੇ ਪੈਣੀਆਂ ਹੀ ਸ਼ੁਰੂ ਹੋਈਆਂ ਸਨ ਕਿ ਟਕੇਸਾਲੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਾਲਾ ਅਫਗਾਨਾ ਜੀ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ। ਪੰਥ ਚੋਂ ਛੇਕੇ ਜਾਣ ਦਾ ਅਸਲ ਕਾਰਣ ਸੀ ਟਕੇਸਾਲੀ ਜੋਗਿਦਰ ਸਿੰਘ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਪਟਿਆਲਾ ਵਾਲਿਆਂ ਵਲੋਂ ਪੁਨਰ-ਸੰਪਾਦਨ ਕੀਤੀ ਗਈ ਕਿਤਾਬ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਤੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਲੋਂ ਟੀਕਾ-ਟਿਪਣੀ ਕਰਕੇ ਆਪਣੀ ਕਿਤਾਬ ਰਾਹੀਂ ਸਚਾਈ ਲੋਕਾਂ ਦੇ ਸਾਹਮਣੇ ਲਿਆਉਣੀ। ਜਿਸ ਕਰਕੇ ਟਕੇਸਾਲੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਪੁਨਰ ਸੰਪਾਦਨ ਕੀਤੀ ਕਿਤਾਬ ਦੀ ਸ਼੍ਰੋ. ਕਮੇਟੀ ਵਲੋਂ ਵਿਕਰੀ ਤੇ ਪਾਬੰਦੀ ਲਗਾਈ ਗਈ ਪਰ ਝੱਟ ਹੀ ਪਹਿਲੇ ਪੰਨੇ ਨੂੰ ਬਦਲ ਕੇ ਇਹੋ ਕਿਤਾਬ ਮਾਰਕਿਟ ਵਿਚ ਫਿਰ ਉਪਲੱਬਧ ਕਰਵਾ ਦਿੱਤੀ ਗਈ। ਡਾ. ਅਮਰਜੀਤ ਸਿੰਘ ਤੇ ਟਕੇਸਾਲੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਸ ਕਿਤਾਬ ਲਿਖਣ ਬਦਲੇ ਛੇ ਨੋਜ਼ਲਾਂ ਵਾਲਾ ਇਕ ਪੰਪ ਪਟਿਆਲੇ ਵਿਚ ਦਿੱਤਾ ਗਿਆ ਸੀ।
2004 ਦੀ ਗੱਲ ਹੈ ਕਿ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਸਬਜ਼ੀਆਂ ਦੇ ਜੂਸ ਪੀ ਕੇ ਹੀ ਆਪਣਾ ਜੀਵਨ ਨਿਰਬਾਹ ਕਰ ਰਹੇ ਸਨ। ਗੁਰਿੰਦਰ ਸਿੰਘ ਬਰਾੜ, ਵਾਟਰਲੂ, ਓਨਟੈਰੀਓ, ਕੈਨੇਡਾ ਵਾਲਿਆਂ ਵਲੋਂ ਹਵਾਈ ਟਿਕਟਾਂ ਭੇਜ ਕੇ ਕਾਲਾ ਅਫਗਾਨਾ ਜੀ ਦੀ ਦੋ ਕੁ ਹਫਤੇ ਟਹਿਲ ਸੇਵਾ ਕੀਤੀ ਗਈ। ਇਕ ਦਿਨ ਮੈਨੂੰ ਫੂਨ ਆਇਆ ਕਿ ਗੁਰਬਖਸ਼ ਸਿੰਘ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਬਹੁਤ ਭਾਰੀ ਬਰਫਾਨੀ ਤੁਫਾਨ ਹੋਣ ਦੇ ਬਾਵਜੂਦ ਵੀ ਉਹ ਮੇਰੇ ਨਾਲ ਬਰੈਂਪਟਨ ਵੱਲ ਨੂੰ ਤਿਆਰ ਹੋ ਕੇ ਚੱਲ ਪਏ। ਸਿਹਤ ਪੱਖੋਂ ਉਹ ਇਤਨੇ ਕਮਜ਼ੋਰ ਸਨ ਕਿ ਰਸਤੇ ਵਿਚ ਹਾਜ਼ਤ ਹੋਣ ਕਰਕੇ ਮੈਂ ਉਨ੍ਹਾ ਨੂੰ ਗੱਡੀ ਵਿਚੋਂ ਚੱਕ ਕੇ ਉਤਾਰਿਆ, ਪਿਸ਼ਾਬ ਕਰਵਾਇਆ, ਤੇ ਫਿਰ ਆਪਣੇ ਘਰ ਵੱਲ ਚੱਲ ਪਏ। ਬਰੈਂਪਟਨ ਪਹੁੰਚਦਿਆਂ ਸਾਰ ਹੀ ਜਾਣ-ਪਹਿਚਾਣ ਵਾਲਿਆਂ ਨੂੰ ਮਿਲਣ ਲਈ ਫੂਨ ਕਰਕੇ ਸੱਦ ਲਿਆ ਗਿਆ। ਬਸ ਫਿਰ ਕੀ ਸੀ ਕਿ ਦੋ ਘੰਟਿਆਂ ਦੇ ਲੰਮੇ ਸਮੇਂ ਤਕ ਸੱਜਣਾਂ ਦੇ ਸਵਾਲਾਂ ਦੇ ਉਤਰ ਦਿੰਦੇ ਰਹੇ ਅਤੇ ਅਗਲੇ ਕਈ ਦਿਨ ਮੇਰੇ ਕੋਲ ਸਿਰਦਾਰ ਕਾਲਾ ਅਫਗਾਨਾ ਜੀ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਇਹ ਹਨ ਨਿਸ਼ਾਨੀਆਂ ਕਿਸੇ ਦੇ ਦਿਲੋਂ ਸਿੱਖ ਹੋਣ ਦੀਆਂ। ਸਾਡਾ ਮਾੜਾ ਜਿਹਾ ਸਿਰ ਵੀ ਦੁੱਖਦਾ ਹੋਵੇ ਤਾਂ ਅਸੀਂ ਸਾਰੀਆਂ ਮਿਲਣੀਆਂ ਕੈਂਸਲ ਕਰਕੇ ਅਰਾਮ ਨਾਲ ਬਿਸਤਰ ਵਿਚ ਲੇਟੇ ਰਹਿੰਦੇ ਹਾਂ ਸਗੋਂ ਰੈਡੀਓ ਵਾਲਿਆਂ ਨੂੰ ਫੂਨ ਕਰਕੇ ਦੱਸਦੇ ਹਾਂ ਕਿ ਅੱਜ ਮੈਂ ਗੱਲ ਨਹੀਂ ਕਰ ਸਕਦਾ ਕਿਉਂਕਿ ਮੇਰਾ ਸਿਰ ਦੁਖਦਾ ਹੈ।
ਵੈਨਕੂਵਰ ਵਿਚ ਰਹਿੰਦਿਆਂ ਇਨ੍ਹਾਂ ਦੇ ਦੋਸਤ ਅਮਰਜੀਤ ਸਿੰਘ ਖੋਸਾ ਹੋਰਾਂ ਵੀ ਇਨ੍ਹਾ ਨੂੰ ਡਰਾਇਆ ਧਮਕਾਇਆ ਕਿ ਤੁਸੀਂ ਦਸਮ ਗ੍ਰੰਥ ਦੇ ਵਿਰੁਧ ਨਾ ਬੋਲੋ, ਨਾ ਲਿਖੋ। ਪਰ ਸ਼ੇਰ ਦਿਲ ਗੁਰਬਖਸ਼ ਸਿੰਘ ਨੇ ਆਪਣੀ ਦੋਸਤੀ ਨੂੰ ਪਾਸੇ ਕਰਕੇ ‘ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਵਾਂ ਬਚਿੱਤ੍ਰ ਨਾਟਕ ਗੁਰਬਾਣੀ ਦੀ ਕਸਵੱਟੀ ਤੇ’ ਲਿਖ ਕੇ, ਜਿਸ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ/ ਆਤਮ ਕਥਾ ਸਵੀਕਾਰੀ ਬੈਠੇ ਹਾਂ, ਸੱਚ ਦਾ ਸੱਚ, ਝੂਠ ਦਾ ਝੂਠ ਤੇ ਪਾਣੀ ਦਾ ਪਾਣੀ ਨਿਤਾਰ ਕੇ ਲੋਕਾਂ ਨੂੰ ਸਚਾਈ ਨਾਲ ਜੁੜਨ ਦਾ ਉਪਦੇਸ਼ ਦੇਣ ਲਈ ਉਪਰ ਵਰਣਤ ਕਿਤਾਬ ਛਾਪ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਕਾਲਾ ਅਫਗਾਨਾ ਜੀ ਕਿਨ੍ਹੇ ਦਰਿੜ ਇਰਾਦੇ ਅਤੇ ਵਿਸ਼ਵਾਸ਼ ਦੇ ਪੱਕੇ ਸਨ। 2014 ਵਿਚ ਸਿਰਦਾਰ ਗੁਰਬਖਸ਼ ਸਿੰਘ ਜੀ ਨੂੰ ਸਿੰਘ ਸਭਾ ਵਲੋਂ ਗੋਲਡ ਮੈਡਲ ਨਾਲ ਸਨਮਾਨਿਆ ਗਿਆ ਪਰ ਉਹ ਸਟੇਜ਼ ਤੇ ਦੋ ਅੱਖਰ ਵੀ ਨਾ ਬੋਲ ਸਕੇ। ਇਸੇ ਸਾਲ ਉਹ ਗੁਸਲਖਾਨੇ ਵਿਚ ਡਿੱਗ ਕੇ ਦਿਮਾਗੀ ਸੰਤੁਲਨ ਗਵਾ ਚੁੱਕੇ ਸਨ। ਕਦੇ ਉਹ ਚੰਗੀ ਹਾਲਤ ਵਿਚ ਹੁੰਦੇ ਤਾਂ ਸਾਰਾ ਕੁੱਝ ਯਾਦ ਨਹੀਂ ਤਾਂ ਯਾਦ ਸ਼ਕਤੀ ਗੁੰਮ।
2017 ਦੀਆਂ ਗਰਮੀਆਂ ਦੀ ਗੱਲ ਹੈ ਕਿ ਟਕੇਸਾਲੀਆਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਦਸਮ ਗ੍ਰੰਥ ਦਾ ਵਿਰੋਧ ਕਰਨ ਕਰਕੇ ਕਾਲਾ ਅਫਗਾਨਾ ਦੇ ਜ਼ਬਾਨ ਵਿਚ ਕੀੜੇ ਪੈ ਗਏ ਹਨ। ਜੋ ਸੱਚ ਨਹੀਂ ਸੀ। ਹੁਣ ਗੁਰਬਖਸ਼ ਸਿੰਘ ਜੀ ਆਪਣੇ ਪ੍ਰੀਵਾਰ ਨਾਲ ਬਰੈਂਪਟਨ ਵਿਚ ਹੀ ਰਹਿੰਦੇ ਸਨ ਤੇ ਮੈਂ ਉਨ੍ਹਾਂ ਨੂੰ ਆਪਣੇ ਘਰ ਲਿਆ ਕੇ ਵੀਡੀਓ ਰੀਕਾਰਡਿੰਗ ਕਰਕੇ ਯੂ ਟਿਊਬ ਤੇ ਪਾ ਕੇ ਇਹ ਸਿੱਧ ਕੀਤਾ ਕਿ ਸਿਰਦਾਰ ਗੁਰਬਖਸ਼ ਸਿੰਘ ਜੀ ਹੋਰੀਂ 96-97 ਸਾਲ ਦੀ ਉਮਰ ਵਿਚ ਵੀ ਬਿਲਕੁੱਲ ਨੌਂਬਰ ਨੌਂ ਹਨ ਸਗੋਂ ਤੁਹਾਡਾ ਸੱਤ ਵਿਸ਼ੇਸ਼ਣਾਂ ਵਾਲਾ ਬ੍ਰਹਮ ਗਿਆਨੀ, ਗੁਰਮਤਿ ਮਾਰਤੰਡ ਗੁਰਬਚਨ ਸਿੰਘ ਭਿੰਡਰਾਂ ਵਾਲਾ (ਅਖਾੜੇ ਵਾਲਾ) ਪੰਦਰਾਂ ਸਾਲ ਅੰਗਰੇਜੀ ਦਵਾਈਆਂ ਖਾ ਕੇ ਜਿਉਂਦਾ ਰਿਹਾ ਅਤੇ ਦਸਮ ਗ੍ਰੰਥ ਪੱਖੀ ਰਾਤ ਨੂੰ ਹਰਟ ਅਟੈਕ ਨਾਲ ਮਰਿਆ ਸੀ ਜਿਹੜਾ ਆਪਣੀ ਉਮਰ ਦੇ ਸੱਤਰ ਸਾਲ ਵੀ ਪੂਰੇ ਨਹੀਂ ਕਰ ਸਕਿਆ। ਚਲੋ ਜਿਉਣਾ ਮਰਨਾ ਤਾਂ ਆਪਣੇ ਵੱਸ ਵਿਚ ਨਹੀਂ ਪਰ ਸਿਧਾਂਤ ਪੱਖੋਂ ਤਾਂ ਮਾਰ ਨਾ ਖਾਈਏ। ਅਖਵਾਉਣਾ ਸੰਤ ਤੇ ਕਰਨਾ ਲੋਕਾਂ ਦਾ ਭਗਵਾਂਕਰਨ। ਇਹ ਗੱਲ ਜੱਚਦੀ ਨਹੀਂ।
ਯਾਦਾਂ ਤਾਂ ਬਹੁਤ ਹਨ ਪਰ ਬਹੁਤਾ ਲੰਮਾ ਲੇਖ ਪੜ੍ਹਨ ਵਾਲਿਆਂ ਵਾਸਤੇ ਦਿਲਚਸਪ ਨਹੀਂ ਰਹਿੰਦਾ। ਇਸ ਕਰਕੇ ਯਾਦਾਂ ਦੀ ਪਟਾਰੀ ਇੱਥੇ ਹੀ ਬੰਦ ਕਰਦਾ ਹਾਂ।
ਸਲੋਕ ਡਖਣੇ ਮਃ ੫ ॥ ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥ {ਪੰਨਾ 1102}। ਸਿਰਦਾਰ ਗੁਬਖਸ਼ ਸਿੰਘ ਕਾਲਾ ਅਫਗਾਨਾ ਜੀ ਨੇ ਆਪਣੇ ਗੁਣਾਂ ਨੂੰ ਸੱਜਣ ਬਣਾਇਆ ਅਤੇ ਆਪਣੀਆਂ ਕਿਤਾਬਾਂ ਦੇ ਰੂਪ ਵਿਚ ਹਮੇਸ਼ਾ ਵਾਸਤੇ ਸਿੱਖ ਕੌਮ ਨਾਲ ਸਾਂਝ ਪਾ ਗਏ। ਹਰ ਇਨਸਾਨ ਵਿਚ ਗੁਣ ਅਤੇ ਅੳਗੁਣ ਹੁੰਦੇ ਹਨ। ਪਰ ਜੋ ਵੀ ਆਦਮੀ ਆਪਣੇ ਅੳਗੁਣਾਂ ਨੂੰ ਪਰੇ ਰੱਖ ਕੇ ਆਪਣੇ ਗੁਣਾਂ ਦੀ ਸਾਂਝ ਆਪਣੀ ਕੌਮ ਨਾਲ ਕਰਦੇ ਹਨ ਉਹ ਸਲਾਹੁਤਾ ਦੇ ਹੱਕਦਾਰ ਹਨ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079