ARTICLES - ENGLISH/PUNJABI

The Goal Of a Sikh – Piri or Miri ?

ਕੀ ਹੈ ਸਿੱਖ ਦਾ ਟੀਚਾ? ਪੀਰੀ ਜਾਂ ਮੀਰੀ

Sardar Moninder Singh

ਕੀ ਹੈ ਸਿੱਖ ਦਾ ਟੀਚਾ? ਪੀਰੀ ਜਾਂ ਮੀਰੀ

ਹਮੇਸ਼ਾ ਕੁਝ ਸੱਜਣਾ ਅੰਦਰ, ਇਕ ਖਿੱਚ ਰਹੀ ਹੈ ਨਾਨਕ ਦੇ ਦੱਸੇ ਸੁਨੇਹੇ ਨੂੰ ਇੰਨ੍ਹ-ਬਿੰਨ੍ਹ ਸਮਝਣ ਦੀ, ਬਾਬੇ ਨਾਨਕ ਦੇ ਦੱਸੇ ਰਾਹ ਉਤੇ ਚਲਣ ਦੀ, ਆਪਣੇ ਗੁਰਮਤਿ ਵਾਲੇ ਵਿਰਸੇ ਨੂੰ ਸਾਂਭਣ ਦੀ ਜਾਂ ਸਿੱਖੀ ਦੀ ਨਿਰੋਲਤਾ ਨੂੰ ਢਾਹ ਲਾਉਣ ਵਾਲਿਆਂ ਸ਼ਕਤੀਆਂ ਨਾਲ ਨਜਿੱਠਣ ਦੀ। ਸਿੱਖ ਅਤੇ ਸਿੱਖੀ ਦੇ ਅਜੋਕੇ ਹਾਲਾਤਾਂ ਨੂੰ ਲੈ ਕੇ ਉਨ੍ਹਾਂ ਦਾ ਦਰਦ ਉਨ੍ਹਾਂ ਨੂੰ ਕੋਈ ਨਾ ਕੋਈ ਹੰਭਲਾ ਮਾਰਨ ਲਈ ਮਜਬੂਰ ਕਰ ਦਿੰਦਾ ਹੈ। ਪਿੱਛੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਕੋਸ਼ਿਸ਼ਾਂ ਦੀ ਕਦੇ ਵੀ ਕਮੀ ਨਹੀਂ ਰਹੀ। ਸਗੋਂ ਵੱਡਾ ਮੁੱਦਾ ਇਹ ਹੈ ਕਿ ਉਨ੍ਹਾਂ ਕੋਸ਼ਿਸ਼ਾਂ ਵਿਚੋਂ ਕੁਝ ਹੀ ਸਾਰਥਕ ਸਾਬਤ ਹੋਈਆਂ ਜਦੋਂ ਕਿ ਬਹੁਤੇ ਉਪਰਾਲਿਆਂ ਵਿਚੋਂ, ਵਧੀਆ ਅਤੇ ਨੇਕ ਇਰਾਦਿਆਂ ਦੇ ਬਾਵਜੂਦ ਵੀ ਉਹ ਸਿੱਟੇ ਨਹੀਂ ਨਿਕਲੇ ਜੋ ਨਿਕਲਣੇ ਚਾਹੀਦੇ ਸਨ। ਸਗੋਂ ਕਈ ਵਾਰ ਤਾਂ ਭਲਾ ਕਰਦਿਆਂ-ਕਰਦਿਆਂ ਕੌਮ ਦਾ ਵੱਡਾ ਨੁਕਸਾਨ ਵੀ ਹੋਇਆ ਹੈ। ਗਲਤੀ ਸ਼ਾਇਦ ਟੀਚਾ ਮਿੱਥਣ ਸਮੇਂ ਹੀ ਹੋ ਜਾਂਦੀ ਹੈ।

 

 

 

ਇਸੇ ਲਈ ਜ਼ਰੂਰੀ ਹੈ ਅਸੀਂ ‘ਪੀਰੀ’ ਅਤੇ ‘ਮੀਰੀ’ ਦੇ ਫ਼ਲਸਫ਼ੇ ਨੂੰ ਸਪੱਸ਼ਟਤਾ ਨਾਲ ਸਮਝੀਏ।

ਜੇ ਇਨ੍ਹਾਂ ਦੇ ਮਾਇਨੇ, ਇਨ੍ਹਾਂ ਵਿਚਕਾਰਲਾ ਫਰਕ ਅਤੇ ਆਪਸੀ ਸਮੀਕਰਨ ਸਮਝ ਲਏ ਜਾਣ ਤਾਂ ਫਿਰ ਟੀਚਾ ਵੀ ਸਹੀ ਨਿਸ਼ਚਿਤ ਹੋਵੇਗਾ, ਉਸ ਦੀਆਂ ਔਕੜਾਂ ਵੀ ਸਾਫ ਦਿਖਣਗੀਆਂ ਅਤੇ ਨਤੀਜੇ ਵੀ ਨਿਰਾਸ਼ ਨਹੀਂ ਕਰਨਗੇ ।

‘ਮੀਰੀ’ ਇਕ ਅਰਬੀ ਦਾ ਲਫ਼ਜ਼ ਹੈ ਜੋ ਕਿ ‘ਆਮੀਰ’ ਤੋਂ ਬਣਿਆ ਹੈ। ਇਸਲਾਮਿਕ ਦੇਸ਼ਾਂ ਵਿਚ ਆਮੀਰ, ਰਾਜ ਕੁਮਾਰ ਜਾਂ ਬਾਦਸ਼ਾਹ ਨੂੰ ਕਹਿੰਦੇ ਹਨ। ਇਸ ਲਈ ਮੀਰੀ ਤੋਂ ਭਾਵ ਹੈ ਰਾਜਨੀਤਿਕ ਸੱਤਾ ਜਾਂ ਰਾਜਨੀਤਿਕ ਸ਼ਕਤੀ।

‘ਪੀਰੀ’ ਸ਼ਬਦ ਫਾਰਸੀ ਦੇ ਲਫ਼ਜ਼ ‘ਪੀਰֹֹ’ ਤੋਂ ਬਣਿਆ ਹੈ। ਪੀਰ ਉਸ ਸ਼ਖ਼ਸ ਨੂੰ ਕਿਹਾ ਜਾਂਦਾ ਹੈ ਜੋ ਪ੍ਰਮਾਤਮਾ ਨਾਲ ਜੁੜਿਆ ਹੋਵੇ। ਪ੍ਰਮਾਤਮਾ ਹੀ ਉਸ ਦਾ ਟੀਚਾ ਹੋਵੇ, ਪ੍ਰਮਾਤਮਾ ਹੀ ਉਸ ਦਾ ਇਸ਼ਕ ਹੋਵੇ ਅਤੇ ਓਹੀ ਜ਼ਿੰਦਗੀ ਦਾ ਮਕਸਦ। ਇਸ ਲਈ ਪੀਰੀ ਤੋਂ ਭਾਵ ਹੈ ਅਧਿਆਤਮਿਕਤਾ/ਰੂਹਾਨੀਅਤ/ SPIRITUALITY. ਪ੍ਰਮਾਤਮਾ ਦੀ ਹੋਂਦ, ਉਸਦਾ ਮਕਸਦ, ਉਸਦੇ ਨਿਯਮ, ਉਸ ਨਾਲ ਜੁੜਨ ਸਬੰਧੀ ਤਮਾਮ ਸਵਾਲ ਪੀਰੀ ਦੇ ਦਾਇਰੇ ਵਿਚ ਆਉਂਦੇ ਹਨ। ਪ੍ਰਮਾਤਮਾ ਤੋਂ ਅਨੇਕਾਂ ਪ੍ਰਕਾਰ ਦੀਆਂ ਪ੍ਰਾਪਤੀਆਂ ਕਰਨੀਆਂ ਵੀ ਆਮ ਤੌਰ ‘ਤੇ ਹਰ ਪੀਰੀ ਦਾ ਹਿੱਸਾ ਰਿਹਾ ਹੈ। ਜਦੋਂ ਤੋਂ ਇਨਸਾਨ ਦੇ ਮਨ ਅੰਦਰ ਪ੍ਰਮਾਤਮਾ/ਕਰਤੇ ਬਾਰੇ ਸਵਾਲ ਉੱਠਣੇ ਸ਼ੁਰੂ ਹੋਏ ਹਨ, ਉਸ ਦਿਨ ਤੋਂ ਲੈ ਕੇ ਇਸ ਦੁਨੀਆਂ ਵਿਚ ਪੀਰੀ ਦੇ ਅਨੇਕਾਂ ਸਿਧਾਂਤ ਪੈਦਾ ਹੋਏ। ਭਾਵ ਅਨੇਕਾਂ ਤਰੀਕਿਆਂ ਨਾਲ ਕਰਤੇ ਨੂੰ ਜਾਨਣ ਅਤੇ ਉਸ ਨਾਲ ਜੁੜਨ ਦੇ ਤਰੀਕੇ ਖੋਜੇ, ਪ੍ਰਚਾਰੇ ਅਤੇ ਥੋਪੇ ਗਏ।

ਤ੍ਰਾਸਦੀ ਇਹ ਹੈ ਕਿ ਦੁਨੀਆਂ ਉੱਪਰ ਕਈ ਐਸੇ ਧਰਮ ਪੈਦਾ ਹੋਏ ਜਿੰਨਾ ਦਾ ਮੂਲ ਟੀਚਾ ਮੀਰੀ ਹੀ ਸੀ ਅਤੇ ਮੀਰੀ ਹੀ ਹੈ। ਭਾਵ ਰਾਜਨੀਤਿਕ ਸੱਤਾ ਹਾਸਲ ਕਰਨ ਲਈ ਹੀ ਸਮੇਂ ਦੇ ਹਾਕਮਾਂ ਨੇ ਪੀਰੀ ਦਾ ਚੋਲਾ ਪਾ ਲਿਆ। ਆਪਣੇ ਰਾਜਨੀਤਿਕ ਮਕਸਦ ਪੂਰੇ ਕਰਨ ਅਤੇ ਆਮ ਜਨਤਾ ਨੂੰ ਮਾਨਸਿਕ ਪੱਖੋਂ ਕਾਬੂ ਵਿਚ ਰੱਖਣ ਲਈ ਹੀ ਪੀਰੀ, ਭਾਵ ਰੂਹਾਨੀਅਤ ਦਾ ਮਖੌਟਾ ਲਗਾ ਲਿਆ ਗਿਆ। ਹਰ ਕੀਮਤ ਉਤੇ ਰਾਜਨੀਤਿਕ ਸੱਤਾ ਨਾਲ ਲਿਪਟੇ ਰਹਿਣਾ ਅਤੇ ਉਸ ਨੂੰ ਹਾਸਿਲ ਕਰਨ ਲਈ ਹਰ ਜਾਇਜ਼ ਅਤੇ ਨਾਜਾਇਜ਼ ਜ਼ਰੀਆ ਅਪਨਾਉਣਾ, ਉਕਤ ਧਰਮਾਂ ਦੇ ਕਿਰਦਾਰ ਦਾ ਹਿੱਸਾ ਬਣ ਗਿਆ। ਪਰ ਰੂਹਾਨੀਅਤ ਪੱਖੋਂ ਇਨ੍ਹਾਂ ਦਾ ਹਾਲ ਉੱਜੜੀ ਹੋਈ ਹਵੇਲੀ ਅਤੇ ਵੀਰਾਨ ਪਏ ਖੂਹ ਜਿਹਾ ਹੋ ਗਿਆ।

ਦੂਜੇ ਪਾਸੇ ਬੁੱਧ ਧਰਮ ਜਿਹੇ ਕੁਝ ਐਸੇ ਧਰਮ ਵੀ ਹਨ ਜਿਨ੍ਹਾਂ ਦਾ ਟੀਚਾ ਸਿਰਫ ਅਤੇ ਸਿਰਫ ਰੂਹਾਨੀਅਤ ਹੀ ਸੀ। ਬਹੁਤ ਸਾਰੇ ਆਮੀਰਾਂ (ਰਾਜਿਆਂ) ਨੇ ਭਾਵੇਂ ਬੁੱਧ ਧਰਮ ਆਪਣਾ ਕੇ ਇਸ ਧਰਮ ਨੂੰ ਫੈਲਾਇਆ ਪਰ ਆਖਰ ਨੂੰ ਰਾਜਨੀਤਿਕ ਸੱਤਾ ਦਾ ਤਿਆਗ ਕੀਤਾ। ਅਹਿੰਸਾ ਇਸ ਧਰਮ ਦੇ ਮੂਲ ਸਿਧਾਂਤਾਂ ਵਿਚੋਂ ਇਕ ਹੋਣ ਕਰਕੇ ਮੀਰੀ ਨਾਲ ਇਸ ਦਾ ਵਾਹ-ਵਾਸਤਾ ਨਹੀਂ ਰਿਹਾ ਕਿਉਂਕਿ ਮੀਰੀ ਅਤੇ ਤਲਵਾਰ ਦਾ ਆਪਸੀ ਰਿਸ਼ਤਾ ਨਹੁੰ-ਮਾਸ ਦੇ ਰਿਸ਼ਤੇ ਵਾਂਗ ਹੁੰਦਾ ਹੈ।

ਜੇ ਗੱਲ ਕਰੀਏ ਸਿੱਖੀ ਦੀ, ਤਾਂ ਸਿੱਖੀ, ਰੂਹਾਨੀਅਤ ਦੀ ਦੁਨੀਆ ਵਿਚ ਗੁਰੂ ਨਾਨਕ ਵੱਲੋਂ ਕੀਤੀ ਗਈ ਇਕ ਨਾਯਾਬ ਅਤੇ ਨਵੀਨਤਮ ਖੋਜ ਹੈ ਜੋ ਮਿਥਿਹਾਸ, ਡਰ ਅਤੇ ਲਾਲਚ ਉੱਤੇ ਅਧਾਰਿਤ ਪੀਰੀ ਦਾ ਦਾਅਵਾ ਕਰਨ ਵਾਲੀਆਂ ਵਿਚਾਰਧਾਰਾਵਾਂ ਤੋਂ ਮੀਲਾਂ ਦੂਰ ਵੀ ਹੈ ਅਤੇ ਚਿੱਟੇ-ਕਾਲੇ ਦੇ ਫਰਕ ਜਿੰਨੀ ਵੱਖਰੀ ਵੀ। ਸਿਰਜਣਹਾਰ ਨਾਲ ਜੁੜਨ ਦੇ ਚਾਹਵਾਨਾਂ ਲਈ ਨਾਨਕ ਨਾ ਸਿਰਫ ਇਕ ਤਰਕ ਅਧਾਰਿਤ, ਕਰਾਮਾਤਾਂ ਰਹਿਤ, ਅਗਾਂਹਵਧੂ ਅਤੇ ਨਵੇਕਲਾ ਨਕਸ਼ਾ ਪੇਸ਼ ਕਰਦੇ ਹਨ ਸਗੋਂ ਬੇ-ਇੰਤਹਾ ਪਿਆਰ ਨਾਲ ਹਰ ਔਖੇ ਮੋੜ ਉਤੇ ਰਾਹ ਵੀ ਦਿਖਾਉਂਦੇ ਨੇ ਅਤੇ ਅਗਾਹ ਵੀ ਕਰਦੇ ਨੇ। ਖਾਸ ਗੱਲ ਇਹ ਕਿ ਗੁਰੂ ਨਾਨਕ ਗਾਰੰਟੀ ਦਿੰਦੇ ਹੋਏ ਇਹ ਵੀ ਕਹਿੰਦੇ ਹਨ ਕਿ ਜੋ ਰਸਤਾ ਮੈਂ ਆਪਣੇ ਸਿੱਖ ਨੂੰ ਦਿਖਾ ਰਿਹਾ ਹਾਂ, ਉਸ ਉੱਪਰ ਚਲ ਕੇ ਹੀ ਮੈਂ ਪ੍ਰਮਾਤਮਾ ਨਾਲ ਜੁੜਿਆ ਹਾਂ- ਨਾਨਕ ਗਇਆ ਜਾਪੈ ਜਾਇ II- 7

ਇਕ ਹੋਰ ਵਿਲੱਖਣਤਾ ਇਹ ਕਿ ਜੇ ਕੋਈ ਜਾਣਬੁਝ ਕੇ ਸਾਨੂੰ ਇਸ ਰਾਹ ਤੋਂ ਭਟਕਾਉਣ ਦਾ ਯਤਨ ਕਰੇ ਜਾਂ ਇਹ ਰਾਹ ਛੱਡਣ ਨੂੰ ਮਜਬੂਰ ਕਰੇ ਤਾਂ ਤੱਤੀਆਂ ਤਵੀਆਂ ਉਤੇ ਬੈਠਣਾ ਤਾਂ ਮਨਜ਼ੂਰ, ਪਰ ਰਾਹ ਤੋਂ ਨਾ ਡੋਲਣ ਦਾ ਸਿਦਕ ਵੀ ਗੁਰੂ ਨਾਨਕ ਦੀ ਸਿੱਖੀ ਅੰਦਰ ਪਾ ਦਿੰਦੀ ਹੈ। ਇਤਿਹਾਸ ਫਰੋਲੀਏ ਤਾਂ ਦੇਖਦੇ ਹਾਂ ਕਿ ਗੁਰੂ ਸਾਹਿਬਾਨ ਝਗੜਿਆਂ ਤੋਂ ਬਚਨ ਲਈ ਹਰ ਵਾਜਿਬ ਹੀਲਾ ਵਰਤਦੇ ਰਹੇ ਹਨ। ਭਾਵੇਂ ਗੱਲ ਸ਼੍ਰੀ ਚੰਦ ਦੀ ਹੋਵੇ, ਪਿਰਥੀ ਚੰਦ ਦੀ, ਹਿੰਦੂ ਪਹਾੜੀ ਰਾਜਿਆਂ ਦੀ ਜਾਂ ਫਿਰ ਮੁਗ਼ਲਾਂ ਦੀ। ਪਰ ਜਦੋਂ-ਜਦੋਂ ਗੱਲ ਜ਼ੁਲਮ ਦੇ ਪੱਧਰ ਉਤੇ ਆਈ ਤਾਂ ਫਿਰ ਮੀਰੀ ਹਾਸਿਲ ਵੀ ਕੀਤੀ ਗਈ ਅਤੇ ਇਸ ਦਾ ਇਸਤੇਮਾਲ ਵੀ ਕੀਤਾ ਗਿਆ। ਸਿੱਖੀ ਵਿਚ ਭਾਵੇਂ ਰਾਜਨੀਤਿਕ ਸੱਤਾ/ਸ਼ਕਤੀ ਤੋਂ ਗੁਰੇਜ਼ ਨਹੀਂ ਪਰ ਸਿੱਖੀ ਵਿਚ ਮੀਰੀ ਦਾ ਮਕਸਦ ਆਪਣੀ ਚੌਧਰ ਅਤੇ ਸੱਤਾ ਦੀ ਭੁੱਖ ਲਈ ਲੋਕਾਂ ਦਾ ਸ਼ੋਸ਼ਣ, ਬੇ-ਮਤਲਬ ਖ਼ੂਨ ਵਹਾਉਣਾ, ਮਜ਼ਲੂਮਾਂ ਨੂੰ ਜਬਰੀ ਦੀਨ ਮਨਵਾਉਣਾ ਹਰਗਿਜ਼ ਨਹੀਂ ਹੈ। ਸਗੋਂ ਸਿੱਖੀ ਵਿਚ ਰਾਜਨੀਤਿਕ ਸੱਤਾ ਦੀ ਲੋੜ ਗਰੀਬ /ਮਜ਼ਲੂਮ ਨੂੰ ਜ਼ੁਲਮ ਤੋਂ ਬਚਾਉਣ ਅਤੇ ਆਪਣੇ ਲਈ ਐਨੀ ਕੁ ਰਾਜਸੀ/ਰਾਜਨੀਤਿਕ ਤਾਕਤ ਹਾਸਿਲ ਕਰਨਾ ਹੈ ਕਿ ਕੋਈ ਸਾਨੂੰ ਆਪਣੇ ਰੂਹਾਨੀ ਮਕਸਦ ਤੋਂ ਭਟਕਾ ਨਾ ਸਕੇ। ਇਸੇ ਲਈ ਸ਼ਾਇਦ ਸਿੱਖੀ ਦੇ ਮੁੱਢਲੇ ਸਿਧਾਂਤ ਅਤੇ ਸਚਿਆਰ ਮਨੁੱਖ ਦੇ ਮੁਢਲੇ ਗੁਣਾਂ ਵਿਚ ‘ਨਿਰਭਉ’ ਅਤੇ ‘ਨਿਰਵੈਰ’ ਦੇ ਗੁਣ ਸ਼ਾਮਿਲ ਹਨ। ਇਸ ਤਰ੍ਹਾਂ ਪੀਰੀ ਅਤੇ ਮੀਰੀ ਦੋਵੇਂ ਸਿੱਖੀ ਦਾ ਇੱਕ ਅਟੁੱਟ ਹਿੱਸਾ ਬਣ ਜਾਂਦੇ ਹਨ।

ਪਰ ਇਸੇ ਬਿੰਦੂ ਤੋਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਪੀਰੀ ਅਤੇ ਮੀਰੀ ਵਿਚਕਾਰ ਆਪਸੀ ਸਮੀਕਰਨਾਂ ਦੀ ਗਹਿਰੀ ਸਮਝ। ਕਿਉਂਕਿ ਭਾਵੇਂ ਦੋਹਾਂ ਦੀ ਮੰਜ਼ਿਲ ਵੱਖੋ-ਵੱਖਰੀ ਹੈ ਪਰ ਫਿਰ ਵੀ ਦੋਹਾਂ ਵਿਚ ਰਿਸ਼ਤਾ ਬੜਾ ਬਾਰੀਕ ਹੈ।

ਸਿੱਖੀ ਵਿਚ ਪੀਰੀ ਅਤੇ ਮੀਰੀ ਦੇ ਆਪਸੀ ਸਮੀਕਰਨ ਦੇ ਕੁਝ ਅਹਿਮ ਨੁਕਤੇ

1. ਇਸ ਵਿਚ ਕੋਈ ਦੋ-ਰਾਏ ਨਹੀਂ ਹੋਣੀ ਚਾਹੀਦੀ ਕਿ ਨਾਨਕ ਦਾ ਟੀਚਾ ਸਾਨੂੰ ਸਿਰਫ ਅਤੇ ਸਿਰਫ ਰੱਬੀ ਗੁਣਾਂ ਨਾਲ ਮਹਿਕਦਾ ਅਤੇ ਵੱਖ-ਵੱਖ ਖੰਡਾਂ (ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ) ਵਿਚੋਂ ਹੁੰਦਿਆਂ ਹੋਇਆਂ ਆਤਮਿਕ ਪੱਖੋਂ ਪ੍ਰਮਾਤਮਾ ਨਾਲ ਜੁੜਿਆ ਇੱਕ ਸਚਿਆਰ ਮਨੁੱਖ ਬਣਾਉਣਾ ਹੈ।

2. ਪੀਰੀ ਦੀ ਮੰਜ਼ਿਲ ਪ੍ਰਮਾਤਮਾ ਅਤੇ ਮੀਰੀ ਦੀ ਮੰਜ਼ਿਲ ਰਾਜਨੀਤਿਕ ਸੱਤਾ ਹੈ। ਪੀਰੀ ਭਾਵ ਬਾਬੇ ਨਾਨਕ ਦਾ ਦੱਸਿਆ ਰੂਹਾਨੀਅਤ ਦਾ ਟੀਚਾ, ਸਰ ਕਰਨਾ ਹੀ, ਸਾਡਾ ਪਹਿਲਾ ਅਤੇ ਮੁੱਖ ਮਕਸਦ ਹੈ।

3. ਸਿੱਖੀ ਵਿਚ ਪੀਰੀ ਦੀ ਸਿਰਮੌਰਤਾ ਮੀਰੀ ਉੱਪਰ ਹਮੇਸ਼ਾ ਬਣੀ ਰਹੇਗੀ ਕਿਉਂਕਿ ਦੁਨੀਆਂ ਵਿਚ ਮੀਰੀ ਦੀ ਪਹਿਲਾਂ ਹੀ ਕੋਈ ਘਾਟ ਨਹੀਂ। ਕਬੀਲਿਆਂ ਦੇ ਸਮੇਂ ਤੋਂ ਹੀ ਰਾਜਨੀਤਿਕ ਸੱਤਾ/ਸ਼ਕਤੀ ਹਾਸਿਲ ਕਰਨ ਵਿਚ ਨਾ ਸਿਰਫ ਮਨੁੱਖ ਮਾਹਿਰ ਹੋਇਆ ਸਗੋਂ ਇਸ ਦੀ ਲਾਲਸਾ ਕਾਰਨ ਮਨੁੱਖ ਔਗੁਣਾਂ ਦੇ ਪਾਤਾਲ ਵਿਚ ਡਿੱਗਦਾ ਹੀ ਜਾ ਰਿਹਾ ਹੈ।

4. ਇਸ ਵਿਚ ਵੀ ਕੋਈ ਦੋ-ਰਾਏ ਨਹੀਂ ਕਿ ਅਕਸਰ ਰਾਜਨੀਤਿਕ ਸ਼ਕਤੀ ਦੀ ਵਰਤੋਂ ਦੂਸਰੇ ਦੇ ਅਪਣਾਏ ਰੂਹਾਨੀਅਤ ਦੇ ਰਾਹ (ਪੀਰੀ) ਨੂੰ ਖਤਮ ਕਰਨ ਲਈ ਹੁੰਦੀ ਹੈ। ਜੋ ਕਿ ਸਿੱਖ ਦੇ ਕਿਰਦਾਰ ਵਿਚ ਤਾਂ ਬਿਲਕੁਲ ਹੀ ਨਹੀਂ ਹੋਣੀ ਚਾਹੀਦੀ।

5. ਇਸ ਇਨਸਾਨੀ ਜ਼ਿੰਦਗੀ ਵਿਚ ਜਦੋਂ ਅਜੇ ਇਨਸਾਨੀਅਤ ਆਪਣੇ ਚਰਮ ਉਤੇ ਨਹੀਂ ਹੈ ਅਤੇ ਪਸ਼ੂਆਂ ਵਾਲੀਆਂ ਕਰਤੂਤਾਂ ਹਾਵੀ ਨੇ, ਤਾਂ ਕਈ ਵਾਰ ਪੀਰੀ ਦੇ ਰਾਹ ਚਲਣ ਵਾਲਿਆਂ ਨੂੰ ਮੀਰੀ ਦੀ ਜ਼ਰੂਰਤ ਪੈਂਦੀ ਹੈ। ਪੀਰੀ ਦੀ ਰਾਹ ਉਤੇ ਬਿਨਾ ਕਿਸੇ ਦਬਾਅ ਅਤੇ ਡਰ ਦੇ, ਸਿੱਖ ਚਲ ਸਕਣ, ਆਪਣੇ ਉੱਪਰ ਜਾਂ ਕਿਸੇ ਮਜ਼ਲੂਮ ਉੱਪਰ ਜ਼ੁਲਮ ਹੋਣ ਤੋਂ ਰੋਕਣ ਲਈ ਰਾਜਨੀਤਿਕ ਸ਼ਕਤੀ ਹਾਸਿਲ ਕਰਨਾ ਅਤੇ ਇਸ ਦੀ ਵਰਤੋਂ ਕਰਨਾ ਵੀ ਸਿੱਖੀ ਦਾ ਹਿੱਸਾ ਹੀ ਹੈ।

6. ਕੋਈ ਮੀਰੀ ਹਾਸਿਲ ਕਰਨ ਨਾਲ ਪੀਰੀ ਦੀ ਮੰਜ਼ਿਲ ਉਤੇ ਨਹੀਂ ਪਹੁੰਚ ਸਕਦਾ ਅਤੇ ਪੀਰੀ ਹਾਸਿਲ ਕਰਨ ਲਈ ਮੀਰੀ ਦੀ ਮੁਥਾਜੀ ਨਹੀਂ ਹੈ।

7. ਕਈ ਵਾਰ ਅਸੀਂ ਪੀਰੀ ਤੋਂ ਪ੍ਰਭਾਵਿਤ ਹੋ ਕੇ ਟੀਚਾ ਮੀਰੀ ਵਾਲਾ ਮਿੱਥ ਲੈਂਦੇ ਹਾਂ ਅਤੇ ਪੀਰੀ ਦਾ ਰਾਹ ਹੀ ਭੁੱਲ ਜਾਂਦੇ ਹਾਂ। ਉਪਰੋਂ ਗੁਮਾਨ ਇਹ ਰੱਖਦੇ ਹਾਂ ਕਿ ਜਿਵੇਂ ਨਾਨਕ ਦਾ ਕੋਈ ਨਿੱਜੀ ਕੰਮ ਕਰ ਰਹੇ ਹੋਈਏ।

8. ਮੀਰੀ ਹਾਸਿਲ ਕਰਨ ਲਈ ਅਸੂਲ, ਮਕਸਦ, ਹੀਲੇ, ਨਾਨਕ ਦੀ ਦੱਸੀ ਪੀਰੀ ’ਤੇ ਅਧਾਰਿਤ ਹੀ ਹੋਣ। ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਜੋ ਇਨਸਾਨ ਨਾਨਕ ਦੀ ਪੀਰੀ ਦੇ ਰਾਹ ਨਹੀਂ ਚੱਲਿਆ, ਉਹ ਮੀਰੀ ਲਈ ਕੀਤੇ ਗਏ ਕਿਸੇ ਵੀ ਉਪਰਾਲੇ ਦੇ ਕਾਬਿਲ ਨਹੀਂ ਹੈ।

9. ਇਹ ਨਾ ਹੋਵੇ ਕਿ ਪੀਰੀ ਦਾ ਇਸਤੇਮਾਲ ਮੀਰੀ ਹਾਸਿਲ ਕਰਨ ਲਈ ਹੋਵੇ ਜੋ ਕਿ ਕੁਝ ਆਗੂਆਂ ਵੱਲੋਂ ਪਿਛਲੇ ਲੰਬੇ ਸਮੇਂ ਦੌਰਾਨ ਬੇ-ਝਿਜਕ ਹੋ ਕੇ ਕੀਤਾ ਗਿਆ ਹੈ।

10. ਸਿੱਖੀ ਦੀ ਪਛਾਣ ਅਤੇ ਖ਼ੂਬਸੂਰਤੀ ਉਸਦੀ ਵੱਖਰੀ ਅਤੇ ਨਿਰੋਲ ਪੀਰੀ ਵਿਚ ਹੀ ਹੈ।

ਜੇਕਰ ਟੀਚਾ ਨਿਰਧਾਰਿਤ ਕਰਦੇ ਸਮੇਂ ਇਹ ਸਮਝ ਨਾ ਆਵੇ ਕਿ ਉਕਤ ਉਪਰਾਲਾ ਮੈਂ ਪੀਰੀ ਲਈ ਕਰ ਰਿਹਾ ਹਾਂ ਜਾਂ ਫਿਰ ਮੀਰੀ ਲਈ ਤਾਂ ਅੱਗੇ ਪੜ੍ਹ ਸਕਦੇ ਹੋ।

ਪੀਰੀ ਦੇ ਰਾਹ ਵਿਚ ਕਾਰਨ ਵਾਲੇ ਕੰਮ:

1. ਸਿੱਖੀ ਅੱਜ ਜਿਸ ਮੋੜ ਉਤੇ ਹੈ ਉਥੇ ਗੁਰਬਾਣੀ ਦੇ ਸਹੀ ਅਰਥਾਂ ਤੱਕ ਪਹੁੰਚਣਾ ਹੀ ਇੱਕ ਵੱਡਾ ਕੰਮ ਬਣ ਗਿਆ ਹੈ। ਅਜਿਹੇ ਅਰਥ ਜਿਨ੍ਹਾਂ ਉਤੇ ਸਨਾਤਨੀ ਜਾਂ ਕਿਸੇ ਹੋਰ ਮੱਤ ਦਾ ਰੰਗ ਨਾ ਚੜਿਆ ਹੋਵੇ, ਅਜਿਹੇ ਅਰਥ ਜੋ ਗੁਰੂ ਨਾਨਕ ਸਾਨੂੰ ਸਮਝਾਉਣਾ ਚਾਹੁੰਦੇ ਹਨ ।

2. ਗੁਰਬਾਣੀ ਦੀ ਬਿਹਤਰ ਸਮਝ ਲਈ-ਗੁਰਮੁਖੀ ਅਤੇ ਪੰਜਾਬੀ ਸਿੱਖਣਾ-ਕਿਉਂਕਿ ਕੋਈ ਵੀ ਸਾਹਿਤ ਜਦੋਂ ਉਸਦੀ ਅਸਲ ਬੋਲੀ ਵਿਚ ਪੜ੍ਹਿਆ ਜਾਵੇ ਤਾਂ ਜ਼ਿਆਦਾ ਅਸਰਦਾਰ ਹੁੰਦਾ ਹੈ। ਗੁਰਬਾਣੀ ਵਿਆਕਰਣ ਦੀ ਸਮਝ ਵੀ ਗੁਰਬਾਣੀ ਦੇ ਅਸਲ ਅਰਥਾਂ ਤੱਕ ਪਹੁੰਚਣ ਲਈ ਬੇਹੱਦ ਜ਼ਰੂਰੀ ਹੈ।

3. ਸਿੱਖੀ ਦੇ ਬਾਰੀਕ ਨੁਕਤੇ ਸਮਝਾਉਣ ਵਾਲਾ ਸਾਹਿਤ ਪੜ੍ਹਨਾ/ਸੁਣਨਾ, ਜੋ ਕਿਤਾਬਾਂ ਜਾਂ ਕਿਸੇ ਵੀ ਰੂਪ ਵਿਚ ਉਪਲੱਬਧ ਹੋਵੇ।

4. ਗੁਰਬਾਣੀ ਦੀ ਬਿਹਤਰ ਸਮਝ ਲਈ ਖੇਤੀਬਾੜੀ, ਸੰਗੀਤ/ਰਾਗਾਂ ਅਤੇ ਕਵਿਤਾ ਦੇ ਮੁਢਲੇ ਅਸੂਲਾਂ ਅਤੇ ਸ਼ਬਦਾਵਲੀ ਤੋਂ ਜਾਣੂ ਹੋਣਾ ਕਿਉਂਕਿ ਗੁਰਬਾਣੀ ਦੇ ਡੂੰਘੇ ਅਰਥ ਸਮਝਾਉਣ ਲਈ ਗੁਰੂਆਂ ਅਤੇ ਭਗਤਾਂ ਨੇ ਖੇਤੀਬਾੜੀ ਅਤੇ ਸੰਗੀਤ ਸਬੰਧੀ ਬਹੁਤ ਉਦਾਹਰਣਾਂ ਦਿੱਤੀਆਂ ਹਨ। ਸਾਰੀ ਗੁਰਬਾਣੀ ਕਵਿਤਾ/ਵਾਰਾਂ ਦੇ ਰੂਪ ਵਿਚ ਹੈ ਤਾਂ ਇਸ ਲਈ ਕਵਿਤਾ ਬਾਰੇ ਜੇ ਮੁਢਲੀ ਜਾਣਕਾਰੀ ਹੋਵੇ ਤਾਂ ਸਹਿਜੇ ਹੀ ਇਹ ਨੁਕਤਾ ਸਮਝ ਆ ਜਾਂਦਾ ਹੈ ਕਿ ਗੁਰਬਾਣੀ ਦੇ ਅੱਖਰੀ ਅਰਥਾਂ ਉੱਪਰ ਨਹੀਂ ਰੁਕਣਾ ਸਗੋਂ ਸਮੁੰਦਰ ਰੂਪੀ ਸਬਦਿ ਵਿਚ ਉਤਰ ਕੇ ਅਰਥ ਕੱਢਣਾ ਹੈ। ਇਸੇ ਤਰ੍ਹਾਂ ਮੁਹਾਵਰਿਆਂ ਅਤੇ ਅਲੰਕਾਰਾਂ ਦੇ ਸ਼ਬਦੀ ਅਰਥ ਕਰਕੇ ਅਨਰਥ ਕਰਨ ਤੋਂ ਵੀ ਬਚ ਜਾਈਦਾ ਹੈ।

5. ਸਬਦਿ ਗੁਰੂ ਨੂੰ ਵਿਚਾਰਨਾ, ਉਸ ਤੋਂ ਸੇਧ ਲੈਣੀ ਅਤੇ ਉਸ ਦੇ ਮੁਤਾਬਿਕ ਚਲਣ ਦੀ ਕੋਸ਼ਿਸ਼ ਕਰਦੇ ਰਹਿਣਾ ਹੀ ਗੁਰੂ ਦੀ ਸੇਵਾ ਹੈ ਅਤੇ ਸਾਡਾ ਸਭ ਤੋਂ ਮੁੱਢਲਾ ਕੰਮ ਤੇ ਫਰਜ਼ ਵੀ।

6. ਗੁਰੂ ਵੱਲੋਂ ਬਖ਼ਸ਼ੇ ਗਿਆਨ ਮੁਤਾਬਿਕ ਚਲਦਿਆਂ-ਚਲਦਿਆਂ ਗੁਰਬਾਣੀ ਬਣ ਜਾਣਾ ਅਤੇ ਫਿਰ ਪ੍ਰਮਾਤਮਾ ਨਾਲ ਹਮੇਸ਼ਾ ਲਈ ਆਤਮਿਕ ਰੂਪ ਵਿਚ ਜੁੜ ਜਾਣਾ। (ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ II-304)

ਕੁੱਲ ਮਿਲਾ ਕੇ ਇਹ ਕਹਿ ਲਈਏ ਕਿ ਗੁਰਬਾਣੀ ਸਮਝਣ ਤੋਂ ਲੈ ਕੇ ਗੁਰਬਾਣੀ ਬਨਣ ਤੱਕ ਦਾ ਹਰ ਉਪਰਾਲਾ ਪੀਰੀ ਲਈ ਕੀਤੇ ਉਪਰਾਲਿਆਂ ਹੇਠ ਹੀ ਆਵੇਗਾ।

ਮੀਰੀ ਹਾਸਿਲ ਕਰਨ ਲਈ ਕੀਤੇ ਜਾਣ ਵਾਲੇ ਕੰਮ:

1. ਆਪਣੀ ਬੋਲੀ/ਲਿਪੀ ਨੂੰ ਸਾਂਭਣਾ ਅਤੇ ਇਸ ਨੂੰ ਪ੍ਰਫੁਲਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਾ।

2. ਗੁਰੂਆਂ ਵੱਲੋਂ ਬਖ਼ਸ਼ੇ ਸਾਡੇ ਬਾਹਰੀ ਪਛਾਣ ਚਿੰਨ੍ਹਾਂ ਨੂੰ ਸਾਂਭਣਾ।

3. ਸਿੱਖੀ ਦੇ ਫ਼ਲਸਫ਼ੇ ਨੂੰ ਆਧਾਰ ਬਣਾਕੇ ਚੰਗੇ ਸਾਹਿਤਕਾਰ, ਵਕੀਲ, ਸਿਆਸਤਦਾਨ, ਸਾਇੰਸਦਾਨ ਅਤੇ ਆਧੁਨਿਕ ਤਕਨੀਕ ਦੇ ਮਾਹਰ ਬਣਨਾ, ਭਵਿੱਖ ਬਦਲ ਦੇਣ ਵਾਲੀਆਂ ਖੋਜਾਂ ਕਰਨਾ ਅਤੇ ਯੂਨੀਵਰਸਿਟੀਆਂ, ਨਿਆਂ-ਪ੍ਰਣਾਲੀ, ਸਿਆਸਤ, ਪੁਲਿਸ, ਅਫਸਰਸ਼ਾਹੀ ਦੇ ਅਹਿਮ ਅਹੁਦਿਆਂ ਤੱਕ ਪਹੁੰਚਣਾ।

4. ਦੁਨੀਆਂ ਦੇ ਵੱਡੇ ਘੱਲੂਘਾਰਿਆਂ, ਰਾਜਨੀਤਿਕ ਬਦਲਾਵਾਂ, ਕ੍ਰਾਂਤੀਆਂ, ਇਤਿਹਾਸਿਕ ਘਟਨਾਵਾਂ, ਸੰਵਿਧਾਨਾਂ ਦਾ ਅਧਿਐਨ ਕਰਨਾ।

5. ਪੈਸੇ ਅਤੇ ਵਿੱਦਿਆ ਪੱਖੋਂ ਆਪਣੀ ਕੌਮ ਨੂੰ ਸੰਪੰਨ ਬਣਾਉਣਾ।

6. ਆਪਣੀ ਕੌਮ ਦੇ ਸਭ ਤੋਂ ਹੇਠਲੇ ਪਾਇਦਾਨ ਉਤੇ ਬੈਠੇ ਵਿਅਕਤੀ ਨੂੰ ਅਗਲੀਆਂ ਕਤਾਰਾਂ ਵਿਚ ਲਿਆ ਖੜ੍ਹਾ ਕਰਨਾ।

7. ਆਪਣੇ ਬੱਚਿਆਂ ਨੂੰ ਆਪਣੇ ਮਾਣ-ਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਾ।

8. ਸਿੱਖੀ ਉੱਪਰ ਹੋ ਰਹੇ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੋਂ ਆਮ ਸਿੱਖ ਨੂੰ ਸੁਚੇਤ ਕਰਨਾ, ਹਮਲਿਆਂ ਦੇ ਨੁਕਸਾਨ ਤੋਂ ਬਚਣ ਲਈ ਅਤੇ ਢੁੱਕਵੇਂ ਜਵਾਬ ਲਈ ਸਿੱਖ ਜਥੇਬੰਦੀਆਂ ਬਣਾ ਕੇ ਕਾਰਗਰ ਪ੍ਰੋਗਰਾਮ ਉਲੀਕਣਾ।

9. ਗੁਰਦਵਾਰੇ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਅਕਾਲ ਤਖ਼ਤ ਵਰਗੀਆਂ ਅਹਿਮ ਸੰਸਥਾਵਾਂ ਨੂੰ ਵਿਪਰਨ ਦੀ ਸੋਚ ਅਤੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਅਤੇ ਇਨ੍ਹਾਂ ਸੰਸਥਾਵਾਂ ਨੂੰ ਉਸੇ ਤਰੀਕੇ ਨਾਲ ਚਲਾਉਣਾ, ਜਿਸ ਤਰ੍ਹਾਂ ਇਨ੍ਹਾਂ ਨੂੰ ਬਣਾਉਣ ਵਾਲਿਆਂ ਨੇ ਚਿਤਵਿਆ ਸੀ।

ਕੁੱਲ ਮਿਲਾਕੇ ਸਿੱਖੀ ਦੇ ਫ਼ਲਸਫ਼ੇ ਉਤੇ ਆਧਾਰਿਤ ਕੋਈ ਵੀ ਐਸਾ ਕੰਮ ਜੋ ਕੌਮ ਨੂੰ ਬਾਹਰੀ ਹਮਲਿਆਂ, ਦੁਨਿਆਵੀ ਚੁਣੌਤੀਆਂ ਸਾਹਮਣੇ ਬੁਲੰਦ ਕਰਦਾ ਹੋਵੇ, ਪੀਰੀ ਦੀ ਰਾਹ ਚੱਲਣ ਵਾਲੇ ਸਿੱਖ ਦਾ ਪੈਂਡਾ ਸੁਖਾਲਾ ਕਰਦਾ ਹੋਵੇ, ਸਿੱਖ ਵੱਲੋਂ ਮੀਰੀ ਲਈ ਕੀਤਾ ਗਿਆ ਕੰਮ ਹੈ।

ਪੱਲੇ ਬੰਨ੍ਹਣ ਵਾਲੀ ਗੱਲ ਇਹ ਹੈ ਕਿ ਸਿੱਖੀ ਦੀ ਪੀਰੀ ਵੀ ਨਿਆਰੀ ਹੈ ਅਤੇ ਮੀਰੀ ਵੀ। ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੀਰੀ ਦੇ ਜੋ ਮਾਡਲ ਦੁਨੀਆਂ ਵਿਚ ਮੌਜੂਦ ਹਨ, ਉਹ ਜ਼ੁਲਮ ਅਤੇ ਕੂੜ ਉੱਤੇ ਅਧਾਰਿਤ ਹੀ ਹਨ। ਹੁਣ ਤੱਕ ਦੁਨੀਆਂ ਵਿਚ ਮੀਰੀ, ਬੇ-ਗੁਨਾਹਾਂ ਦਾ ਖ਼ੂਨ ਬਹਾਕੇ, ਪੈਸੇ ਅਤੇ ਜ਼ੋਰ ਦੇ ਸਿਰ ਉੱਤੇ ਹੀ ਹਾਸਿਲ ਕੀਤੀ ਜਾਂਦੀ ਹੈ ਅਤੇ ਲੋਕਾਂ ਦੇ ਹੱਕ ਮਾਰਕੇ, ਕੁਦਰਤੀ ਸਰੋਤਾਂ ਉਤੇ ਕਬਜ਼ੇ ਕਰਕੇ, ਅਣਮਨੁੱਖੀ ਤਸ਼ੱਦਦਾਂ ਦੇ ਸਿਰ ਉਤੇ ਹੀ ਕਾਇਮ ਰੱਖੀ ਜਾਂਦੀ ਹੈ। ਇਸ ਤਰ੍ਹਾਂ ਦੀ ਮੀਰੀ ਨਾਨਕ ਦੀ ਪੀਰੀ ਨੂੰ ਹਰਗਿਜ਼ ਮਨਜ਼ੂਰ ਨਹੀਂ। ਇਸ ਲਈ ਨਾਨਕ ਦੇ ਸਿੱਖਾਂ ਨੂੰ ਆਪਣੀ ਵਿਲੱਖਣ ਅਤੇ ਨਿਆਰੀ ਪੀਰੀ ਉਤੇ ਅਧਾਰਿਤ, ਮੀਰੀ ਦੇ ਵੀ ਨਵੇਂ ਮਾਡਲ ਤਿਆਰ ਕਰਨੇ ਹੋਣਗੇ। ਬਾਰੀਕ ਨੁਕਤਾ ਇਹ ਕਿ ਜੇ ਮੀਰੀ ਵਿਚ ਕਾਮਯਾਬ ਹੋ ਗਏ ਅਤੇ ਪੀਰੀ ਵਿਚੋਂ ਫ਼ੇਲ੍ਹ ਹੋ ਗਏ ਤਾਂ ਸਮਝੋ ਨਾਨਕ ਦੀ ਕਸਵੱਟੀ ਉਤੇ ਖੋਟੇ ਹੀ ਸਾਬਤ ਹੋਵਾਂਗੇ। ਪਰ ਜੇ ਸਿੱਖੀ ਅਸੂਲਾਂ ਨਾਲ ਹਾਸਿਲ ਕੀਤੀ ਮੀਰੀ ਦੇ ਨਾਲ ਪੀਰੀ ਦੀ ਜਮਾਤ ਵਿਚੋਂ ਪਾਸ ਹੋ ਗਏ ਤਾਂ ਫਿਰ ਬਾਬਾ ਨਾਨਕ ਤਾਂ ਸਾਡੇ ਉਤੇ ਮਾਣ ਕਰੇਗਾ ਹੀ, ਅਕਾਲ ਪੁਰਖ ਦੀ ਬੁੱਕਲ ਦਾ ਆਨੰਦ ਵੀ ਅਸੀਂ ਮਾਣ ਲਵਾਂਗੇ।

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥ – 918
(ਪ੍ਰਮਾਤਮਾ ਨਾਲ ਜੁੜਨ ਲਈ ਸਿੱਖੀ ਦਾ ਫ਼ਲਸਫ਼ਾ/ਰਸਤਾ ਭਾਵੇ ਬੇਹੱਦ ਬਾਰੀਕ ਹੈ ਪਰ ਹੈ ਅਸਰਦਾਰ I)

ਮਨਿੰਦਰ ਸਿੰਘ
terahukum@gmail.com
17.09.2019