ARTICLES - ENGLISH/PUNJABI, International Media Reports

ਜਦੋਂ ਸਾਡੇ ਬੋਲੇ ਝੂਠ ਨੂੰ ਬਿਗਾਨੇ ਲੋਕ ਸੱਚ ਬਣਾਕੇ ਪੇਸ਼ ਕਰ ਦੇਂਦੇ ਹਨ When Our Lies Become The Truths Of Others

Karminder Singh Phd. (Boston) Editorial The Sikh Buletin Vol 1  2022

Punjabi Translation by Sardar Waryam Singh

ਜਦੋਂ ਸਾਡੇ ਬੋਲੇ ਝੂਠ ਨੂੰ ਬਿਗਾਨੇ ਲੋਕ ਸੱਚ ਬਣਾਕੇ ਪੇਸ਼ ਕਰ ਦੇਂਦੇ ਹਨ

ਸੰਪਾਦਕੀ ਲੇਖ The Sikh Bulletin Issue 1 of 2022

ਕਰਮਿੰਦਰ ਸਿੰਘ PhD (Boston)

(ਪੰਜਾਬੀ ਅਨੁਵਾਦ: ਸ੍ਰ: ਵਰਿਆਮ ਸਿੰਘ)

13 ਦਸੰਬਰ, 2021 ਨੂੰ, ਬਨਾਰਸ ਵਿੱਚ ਵਿਸ਼ਵਨਾਥ ਮੰਦਿਰ ਅਤੇ ਗੰਗਾ ਘਾਟ ਨੂੰ ਜੋੜਨ ਵਾਲ਼ੇ ਕੋਰੀਡੋਰ ਪ੍ਰੋਜੈਕਟ ਦੇ ਪਹਿਲੇ ਪੜਾਅ ਦੇ ਉਦਘਾਟਨ ਮੌਕੇ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ “ਖਾਲਸਾ ਪੰਥ ਦੇ ਪੰਜ ਪਿਆਰਿਆਂ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਸਨਾਤਨ ਧਰਮ ਦਾ ਗਿਆਨ ਪ੍ਰਾਪਤ ਕਰਨ ਲਈ ਹਿੰਦੂਆਂ ਦੇ ਇਸ ਪਵਿੱਤਰ ਸ਼ਹਿਰ ਵਿੱਚ ਭੇਜਿਆ ਗਿਆ ਸੀ।”.

ਹੁਣ, ਜਾਂ ਤਾਂ ਇਹ ਕੋਰਾ ਝੂਠ ਸੀ ਤੇ ਜਾਂ ਇਹ ਸੱਚ ਵੀ ਹੋ ਸਕਦਾ ਸੀ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੂੰ ਇਸ ਝੂਠ ਤੇ ਪ੍ਰਤੀਕਰਮ ਦੇਣ ਲਈ ਮਨ ਬਣਾਉਂਦਿਆਂ ਹੀ ਚਾਰ ਦਿਨ ਲੱਗ ਗਏ। 17 ਦਸੰਬਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਉਸਨੇ ਕਿਹਾ ਕਿ ਮੋਦੀ ਵੱਲੋਂ ਇਹ ਦਾਅਵਾ “ਤੱਥਾਂ ਤੋਂ ਬਗੈਰ, ਭਰਮਾਊ ਸੋਚ ਅਧੀਨ ਅਤੇ ਸਿੱਖ ਧਰਮ ਬਾਰੇ ਉਸਦੀ ਅਣਜਾਣਤਾ ਕਾਰਨ” ਕੀਤਾ ਗਿਆ ਹੈ।

ਇਸ ਲਈ ਮੋਦੀ ਦਾ ਦਾਅਵਾ ਝੂਠ ਸੀ। ਪਰ ਜੇ ਐਸਾ ਸੀ, ਤਾਂ ਇਹ ਸਾਡਾ ਹੀ ਬਣਾਇਆ ਝੂਠ ਸੀ।

ਗੁਰੂ ਗੋਬਿੰਦ ਸਿੰਘ ਜੀ ਵੱਲੋਂ 5 ਸਿੱਖਾਂ ਨੂੰ ਬਨਾਰਸ ਭੇਜਣ ਬਾਰੇ ਇਹ ਝੂਠ 1765 ਤੋਂ ਸ਼ੁਰੂ ਹੋ ਕੇ 200 ਸਾਲਾਂ ਦੇ ਅਰਸੇ ਦੌਰਾਨ ਨਿਰਮਲਿਆਂ ਵੱਲੋਂ ਰਚੀਆਂ ਗਈਆਂ ਜ਼ਿਆਦਾਤਰ ਭ੍ਰਿਸ਼ਟ, ਤੱਥਾਂ ਨੂੰ ਵਿਗਾੜਨ ਵਾਲ਼ੀਆਂ ਅਤੇ ਦਾਗੀ ਲਿਖਤਾਂ ਵਿੱਚ ਥਾਂ ਥਾਂ ਲਿਖਿਆ ਹੋਇਆ ਹੈ। ਇਹ ਥੋਕ ਦੇ ਭਾਅ ਲਿਖੀਆਂ ਕਿਤਾਬਾਂ ਦਾ ਉਹ ਢੇਰ ਹੈ ਜਿਸ ਤੇ ਅਸੀਂ ਬੜੇ ਮਾਣ ਪਰ ਨਾਲ਼ ਹੀ ਲਾਪਰਵਾਹੀ ਨਾਲ਼ ” ਪੁਰਾਤਨ ਸਿੱਖ ਸਾਹਿਤ” ਦਾ ਠੱਪਾ ਲਾ ਦਿੰਦੇ ਹਾਂ। ਨਿਰਮਲਾ ਲੇਖਕ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਕਿ ਸਿੱਖਾਂ ਨੂੰ ਹਿੰਦੂ ਗ੍ਰੰਥਾਂ ਦਾ ਅਧਿਐਨ ਕਰਨ ਦੇ ਕਾਬਲ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਚੋਣਵੇਂ ਸਿੱਖਾਂ ਨੂੰ ਸੰਸਕ੍ਰਿਤ ਸਿੱਖਣ ਲਈ ਬਨਾਰਸ ਭੇਜਿਆ ਸੀ। ਉਸਨੇ ਦਾਅਵਾ ਕੀਤਾ ਕਿ ਅਨੰਦਪੁਰ ਪਰਤਣ ਤੋਂ ਬਾਅਦ, ਉਨ੍ਹਾਂ ਨੂੰ “ਨਿਰਮਲਾ” ਉਪਾਧੀ ਦੇਕੇ ਸਨਮਾਨਿਤ ਕੀਤਾ ਗਿਆ ਸੀ।

ਬੀਤੇ ਦੋ ਸੌ ਸਾਲਾਂ ਦੌਰਾਨ ਸਿੱਖਾਂ ਸਿਰ ਮੜ੍ਹੇ ਗਏ ਸਨਾਤਨੀ ਗ੍ਰੰਥਾਂ ਵਿੱਚ ਹੀ ਮੌਜੂਦ ਅਜਿਹੇ ਦਾਅਵੇ ਦੇ ਆਧਾਰ ‘ਤੇ ਮੋਦੀ ਸੱਚ ਹੀ ਬੋਲ ਰਹੇ ਸਨ। ਅਤੇ ਹੁਣ ਇਹ ਸਾਡਾ ਹੀ ਸੱਚ ਸੀ – ਕਿਉਂਕਿ ਇਹ ਸਾਡੇ ਆਪਣੇ ਸਾਹਿਤ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।

ਚੰਗਾ ਹੁੰਦਾ ਜੇਕਰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਨਾਲ ਇਹ ਵੀ ਕਹਿ ਦਿੰਦੇ ਕਿ ਨਿਰਮਲਾ ਗਿਆਨੀ ਗਿਆਨ ਸਿੰਘ ਦਾ ਦਾਅਵਾ ਵੀ “ਤੱਥਾਂ ਤੋਂ ਰਹਿਤ, ਭਰਮ ਭਰੇ ਇਰਾਦਿਆਂ ਵਾਲ਼ਾ ਅਤੇ ਸਿੱਖ ਧਰਮ ਬਾਰੇ ਗਿਆਨ ਦੀ ਘਾਟ ਤੇ ਟਿਕਿਆ ਹੋਇਆ ਹੈ” ਪਰ ਉਸ ਨੇ ਕੁਝ ਵੀ ਅਜਿਹਾ ਨਾ ਕਿਹਾ ਜੋ ਇਸ ਮਿਥਹਾਸ ਦਾ ਪਾਜ ਉਘੇੜਨ ਲਈ ਕਹਿਣਾ ਬਣਦਾ ਸੀ।

ਕੁਲਵਿੰਦਰ ਸਿੰਘ ਨੇ ਮੋਦੀ ਨੂੰ ਜਵਾਬ ਦੇਣ ਲਈ ਜੋ ਚਾਰ ਦਿਨ ਲਏ ਸਨ, ਉਹ ਸ਼ਾਇਦ ਇਸ ਗੱਲ ‘ਤੇ ਵਿਚਾਰ ਕਰਨ ਲਈ ਵਰਤੇ ਗਏ ਸਨ ਕਿ ਮੋਦੀ ਦੇ ਝੂਠ ਨਾਲ਼ ਸਭ ਤੋਂ ਵਧੀਆ ਤਰੀਕੇ ਨਾਲ਼ ਕਿਵੇਂ ਨਜਿੱਠਿਆ ਜਾਵੇ ਕਿਉਂਕਿ ਇਹ ਤਾਂ ਸਾਡਾ ਆਪਣਾ ਹੀ ਪ੍ਰਚਾਰਿਆ ਹੋਇਆ ਝੂਠ ਸੀ। ਸ਼੍ਰੋਮਣੀ ਕਮੇਟੀ ਨੇ ਇੱਕ ਹੋਰ ਝੂਠ ਦਾ ਪ੍ਰਚਾਰ ਕਰਕੇ ਇਹ ਨਵਾਂ ਮਾਅਰਕਾ ਮਾਰਿਆ ਹੈ। ਉਨ੍ਹਾਂ ਨੇ ਇੱਕ ਹੋਰ ਸ਼ੋਸ਼ਾ ਛੱਡ ਦਿੱਤਾ, “ਕਾਸ਼ੀ ਭੇਜੇ ਗਏ ਪੰਜ ਸਿੱਖ ਉਹਨਾਂ ਪੰਜ ਪਿਆਰਿਆਂ ਤੋਂ ਬਿਲਕੁਲ ਵੱਖਰੇ ਸਨ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਸਮੇਂ ਆਪਣੇ ਸੀਸ ਭੇਟ ਕੀਤੇ ਸਨ।”

ਇਸ ਲਈ, ਐਸਜੀਪੀਸੀ ਮੁਤਾਬਕ, ਮੋਦੀ ਇਹ ਕਹਿਣ ਵਿੱਚ ਸਹੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੰਜ ਸਿੱਖਾਂ ਨੂੰ ਸੰਸਕ੍ਰਿਤ, ਅਤੇ ਜੋ ਕੁਝ ਇਸ ਭਾਸ਼ਾ ਵਿੱਚ ਲਿਖਿਆ ਗਿਆ ਸੀ, ਨੂੰ ਪੜ੍ਹਨ ਲਈ ਬਨਾਰਸ ਭੇਜਿਆ ਸੀ। ਮੋਦੀ ਸਹੀ ਸੀ ਕਿਉਂਕਿ ਉਹ ਸਿਰਫ਼ ਉਹੀ ਤੱਥ ਦੁਹਰਾ ਰਿਹਾ ਸੀ ਜੋ ਨਿਰਮਲੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਸੀ ਅਤੇ ਜੋ ਸਿੱਖ ਪੁਜਾਰੀਆਂ, ਲੇਖਕਾਂ, ਚਿੰਤਕਾਂ ਅਤੇ ਆਗੂਆਂ ਨੇ ਪਿਛਲੇ 200 ਸਾਲਾਂ ਤੋਂ ਬਿਨਾਂ ਸੋਚੇ ਸਮਝੇ ਪ੍ਰਚਾਰਿਆ ਸੀ। ਮੋਦੀ ਨੂੰ ਜਿਹੜਾ ਭੁਲੇਖਾ ਪਿਆ ਸੀ ਉਹ ਸਿਰਫ਼ ਐਨਾ ਹੀ ਸੀ ਕਿ ਕਿਹੜੇ ਪੰਜ ਭੇਜੇ ਗਏ ਸਨ। ਕੋਈ ਇਹ ਦਲੀਲ ਦੇ ਸਕਦਾ ਹੈ ਕਿ ਜੇ ਇਹ ਸਭ ਕੁਝ “ਕਿਹੜੇ ਪੰਜ ਭੇਜੇ ਸਨ” ਬਾਰੇ ਸੀ, ਤਾਂ ਇਹ ਤਾਂ ਬੜੀ ਛੋਟੀ ਜਿਹੀ ਗਲਤੀ ਸੀ ਜਿਸ ਨੂੰ ਬੜੀ ਆਸਾਨੀ ਨਾਲ ਸੁਧਾਰਿਆ ਜਾ ਸਕਦਾ ਸੀ।

ਐਸਜੀਪੀਸੀ ਦੇ ਬੁਲਾਰੇ ਨੇ ਪ੍ਰਧਾਨ ਮੰਤਰੀ ਮੋਦੀ ਲਈ ਉਸ ਝੂਠ ਨੂੰ ਸੋਧਣਾ ਹੋਰ ਵੀ ਸੌਖਾ ਬਣਾ ਦਿੱਤਾ ਜੋ ਅਸਲ ਵਿੱਚ ਸਾਡਾ ਆਪਣਾ ਹੀ ਮਾਰਿਆ ਹੋਇਆ ਝੂਠ ਸੀ। ਐਸ.ਜੀ.ਪੀ.ਸੀ. ਨੇ ਮਨਘੜਤ ਦਲੀਲ ਦੇ ਕੇ ਅਜਿਹਾ ਕੀਤਾ। ਇਸ ਬੁਲਾਰੇ ਨੇ ਆਪਣੇ 17 ਦਸੰਬਰ ਦੇ ਬਿਆਨ ਵਿੱਚ ਕਿਹਾ ਕਿ “ਕਾਸ਼ੀ ਨਾਲ਼ ਸਬੰਧਤ ਸਿੱਖ ਇਤਿਹਾਸ ਬਾਰੇ ਤੱਥਾਂ ਦੀ ਜਾਣਕਾਰੀ ਇਹ ਸੀ ਕਿ, ਪਾਉਂਟਾ ਸਾਹਿਬ ਵਿਖੇ, ਜਦੋਂ ਪੰਡਿਤ ਰਘੂਨਾਥ ਨੇ ਅਖੌਤੀ “ਸ਼ੂਦਰਾਂ” ਨਾਲ਼ ਸਬੰਧਤ ਕੁਝ “ਸਿੱਖ ਵਿਦਿਆਰਥੀਆਂ” ਨੂੰ “ਦੇਵ ਭਾਸ਼ਾ” ਸੰਸਕ੍ਰਿਤ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਜਾਤਾਂ ਦੇ ਪੰਜ ਸਿੱਖਾਂ ਨੂੰ ਸੰਸਕ੍ਰਿਤ ਸਿੱਖਣ ਲਈ ਕਾਸ਼ੀ ਭੇਜਿਆ ਸੀ।” ਮੋਦੀ ਇਹ ਸੁਣਕੇ ਸੱਚਮੁੱਚ ਬਾਗੋ ਬਾਗ ਹੋ ਗਿਆ ਹੋਵੇਗਾ ਕਿ ਚਲੋ ਘੱਟੋਘੱਟ ਐਸਜੀਪੀਸੀ ਨੇ ਸੰਸਕ੍ਰਿਤ ਨੂੰ “ਦੇਵ ਭਾਸ਼ਾ” – ਭਾਵ ਦੇਵਤਿਆਂ ਦੀ ਭਾਸ਼ਾ ਤਾਂ ਮੰਨ ਹੀ ਲਿਆ ਹੈ ।

ਇਹ ਮਨਘੜਤ ਦਲੀਲ ਵੀ ਸਾਡੇ ” ਪੁਰਾਤਨ ਸਾਹਿਤ” ਵਿੱਚੋਂ ਦੀ ਹੋ ਕੇ ਆਈ ਹੈ ਜੋ ਕਹਿੰਦਾ ਹੈ ਕਿ ਗੋਬਿੰਦ ਸਿੰਘ ਨੂੰ ਪੰਜਾਂ ਸਿੱਖਾਂ ਨੂੰ ਕਾਂਸ਼ੀ ਭੇਜਣ ਦਾ ਸਹਾਰਾ ਇਸ ਲਈ ਲੈਣਾ ਪਿਆ ਕਿਉਂਕਿ ਕੋਈ ਵੀ ਸੰਸਕ੍ਰਿਤ ਵਿਦਵਾਨ ਸ਼ੂਦਰਾਂ ਨੂੰ ਸੰਸਕ੍ਰਿਤ ਨਹੀਂ ਪੜ੍ਹਾਉਣਾ ਚਾਹੁੰਦਾ ਸੀ। ਇਸ ਲਈ ਦਸਵੇਂ ਗੁਰੂ ਨੇ ਕੁਝ ਸਿੱਖਾਂ ਨੂੰ ਉੱਚ-ਜਾਤੀ ਦੇ ਪਹਿਰਾਵੇ ਵਿਚ ਬਨਾਰਸ ਭੇਜਿਆ, ਜਿੱਥੇ ਉਹ ਗੁਪਤ ਰੂਪ ਵਿਚ ਭਾਰਤੀ ਧਰਮ ਸ਼ਾਸਤਰ ਅਤੇ ਦਰਸ਼ਨ ਦੇ ਵਿਦਵਾਨ ਬਣ ਗਏ।

ਬੱਲੇ ਓਏ ਸ਼ੇਰੋ, ਕਿਆ ਸਫ਼ਾਈ ਦਿੱਤੀ ਹੈ। ਪੁਰਅਸਰ ਅੰਦਾਜ਼ ਵਿੱਚ, ਸ਼੍ਰੋਮਣੀ ਕਮੇਟੀ ਆਪਣੀ ਸਾਖ ਨੂੰ ਬਚਾਉਣ ਲਈ ਸਾਡੇ ਆਪਣੇ ਝੂਠ ਨੂੰ ਛੁਪਾਉਣ ਦੀ ਸੋਚੀ-ਸਮਝੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਐਸਜੀਪੀਸੀ ਅਨੁਸਾਰ, ਗੁਰੂ ਗੋਬਿੰਦ ਸਿੰਘ ਜੀ ਦਾ ਪੰਜ ਸਿੱਖਾਂ ਨੂੰ ਬਨਾਰਸ ਭੇਜਣ ਦਾ ਫੈਸਲਾ ਅਸਲ ਵਿੱਚ ਸਭ ਤੋਂ ਵਧੀਆ ਗੱਲ ਸੀ ਜੋ ਜਾਤਾਂ ਦੀ ਬਰਾਬਰੀ ਦੇ ਨਾਮ ‘ਤੇ ਹੋਇਆ ਸੀ। ਕਿਉਂਕਿ ਪੰਡਿਤ ਰਘੂਨਾਥ ਨੇ ਕਹਿ ਦਿੱਤਾ ਸੀ ਕਿ ਸੰਸਕ੍ਰਿਤ ਨੀਵੀਆਂ ਜਾਤਾਂ ਦੇ ਪੜ੍ਹਨ ਲਈ ਨਹੀਂ ਸੀ – ਇਸ ਲਈ ਦਸਵੇਂ ਗੁਰੂ ਨੇ ਵੱਖ-ਵੱਖ ਜਾਤਾਂ ਦੇ ਪੰਜ ਸਿੱਖਾਂ ਨੂੰ ਬ੍ਰਾਹਮਣਾਂ ਦੇ ਭੇਸ ਵਿੱਚ ਬਨਾਰਸ ਭੇਜਿਆ ਸੀ। ਹੁਣ ਸ਼੍ਰੋਮਣੀ ਕਮੇਟੀ ਨੂੰ ਲੋਕਾਂ ਨੂੰ ਸਿਰਫ਼ ਇਹ ਸਮਝਾਉਣਾ ਬਾਕੀ ਰਹਿ ਗਿਆ ਹੈ ਕਿ ਵੱਖ-ਵੱਖ ਜਾਤਾਂ ਦੇ ਇਨ੍ਹਾਂ ਪੰਜ ਸਿੱਖਾਂ ਨੂੰ ਉੱਚ-ਜਾਤੀ ਦੇ ਪਹਿਰਾਵੇ ਵਿਚ ਛੁਪਾਉਣ ਦੀ ਕੀ ਲੋੜ ਸੀ। ਆਖ਼ਰਕਾਰ, ਚੋਰੀ ਛੁਪੇ ਸਾਂਗ ਬਣਾਕੇ ਕੀਤਾ ਗਿਆ ਕੋਈ ਚੰਗਾ ਕੰਮ ਵੀ ਹੁਣ ਸ਼ਾਇਦ ਹੀ ਚੰਗੇ ਕੰਮ ਵਜੋਂ ਗਿਣਿਆ ਜਾਵੇ।

ਅਸੀਂ ਜਾਣਦੇ ਹਾਂ ਕਿ ਵੱਖ-ਵੱਖ ਪੰਜਾਂ ਜਾਤਾਂ ਦੇ ਪੰਜ ਸਿੱਖ ਸਾਡੇ ਹੀ ਪੰਜਾਂ ਪਿਆਰਿਆਂ ਦੀ ਦਾਸਤਾਨ ਹੈ। ਐਸਜੀਪੀਸੀ ਸ਼ਾਇਦ ਮੋਦੀ ਨੂੰ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਵੇਲ਼ੇ ਬੋਲੇ ਜਾਣ ਵਾਲ਼ੇ ਸ਼ਬਦ ਬਦੋਬਦੀ ਉਸਦੇ ਮੂੰਹ ਵਿੱਚ ਪਾ ਰਹੀ ਹੈ- ਜੇ ਪ੍ਰਧਾਨ ਮੰਤਰੀ ਕੁਝ ਇਸ ਤਰਾਂ ਦਾ ਸੋਚ ਰਹੇ ਹੋਣਗੇ ਤਾਂ ਉਹ ਇਸ ਤਰਾਂ ਬੋਲ ਸਕਦੇ ਹਨ: “ਐਸਜੀਪੀਸੀ ਅਤੇ ਮੈਂ ਸਹਿਮਤ ਹੋ ਗਏ ਹਾਂ ਕਿ ਪੰਜ ਸਿੱਖਾਂ ਨੂੰ ਸੱਚਮੁੱਚ ਹੀ ਗੁਰੂ ਗੋਬਿੰਦ ਸਿੰਘ ਨੇ ਬਨਾਰਸ ਭੇਜਿਆ ਸੀ। ਪੰਜਾਂ ਨੂੰ “ਦੇਵਭਾਸ਼ਾ” ਅਤੇ “ਸਨਾਤਨ ਧਰਮ” ਸਿੱਖਣ ਲਈ ਭੇਜਿਆ ਗਿਆ ਸੀ। ਸਾਡਾ ਇੱਕੋ ਇੱਕ ਮੁੱਦਾ ਬਕਾਇਆ ਰਹਿ ਗਿਆ ਹੈ ਕਿ ਉਹ ਪੰਜ ਸਿੱਖ ਹੈ ਕਿਹੜੇ ਸਨ। ਕਿਸੇ ਨੂੰ ਵੀ ਅਜਿਹੀ ਸਿੱਕੇਬੰਦ ਗ਼ਲਤੀ ਤੇ ਨਾਰਾਜ਼ ਨਹੀਂ ਹੋਣਾ ਚਾਹੀਦਾ ।“

ਐਸਜੀਪੀਸੀ ਨੇ “ਸ੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ” ਨਾਂ ਵਾਲ਼ੀ ਉਸ ਕਿਤਾਬ ‘ਤੇ ਪਾਬੰਦੀ ਲਗਾਉਣ ਦੀ ਮੰਗ ਵੀ ਨਾਲ਼ ਹੀ ਰੱਖ ਦਿੱਤੀ ਜਿਸ ਵਿੱਚ ਉਹ ਦਾਅਵਾ ਕੀਤਾ ਗਿਆ ਹੈ ਕਿ “ਖਾਲਸਾ ਪੰਥ ਦੇ ਪੰਜ ਪਿਆਰਿਆਂ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਸਨਾਤਨ ਧਰਮ ਦਾ ਗਿਆਨ ਪ੍ਰਾਪਤ ਕਰਨ ਲਈ ਕਾਸ਼ੀ ਵਿੱਚ ਭੇਜਿਆ ਸੀ।”.

ਪਰ ਕਿਉਂਕਿ ਮੋਦੀ ਦਾ ਝੂਠ ਅਸਲ ਵਿੱਚ ਸਾਡਾ ਆਪਣਾ ਸੱਚ ਹੈ, ਅਤੇ ਪ੍ਰਧਾਨ ਮੰਤਰੀ ਦਾ ਸੱਚ ਸਾਡਾ ਆਪਣਾ ਝੂਠ ਹੈ; ਕੀ ਐਸਜੀਪੀਸੀ ਨੂੰ ਸਾਡੀਆਂ ਆਪਣੀਆਂ ਕਿਤਾਬਾਂ ‘ਤੇ ਪਾਬੰਦੀ ਲਗਾਉਣ ਦੀ ਮੰਗ ਨਹੀਂ ਕਰਨੀ ਚਾਹੀਦੀ, ਜਿਹਨਾਂ ਵਿੱਚ ਇਹੋ ਝੂਠ ਦਰਜ਼ ਹੈ – ਜਾਂ ਘੱਟੋ-ਘੱਟ ਸਾਡੇ ” ਕਿ ਪੁਰਾਤਨ ਸਾਹਿਤ” ਵਿੱਚੋਂ ਅਜਿਹੀਆਂ ਮਨਘੜਤ ਕਹਾਣੀਆਂ ਨੂੰ ਮਿਟਾਉਣ ਦੀ ਮੰਗ ਨਹੀਂ ਕਰਨੀ ਚਾਹੀਦੀ ?

ਐਸੀ ਦੁਬਿਧਾ ਸਾਡੇ ਆਪਣੇ ਝੂਠਾਂ ਨੂੰ ਲੰਮੇ ਸਮੇਂ ਤੱਕ ਦੁਹਰਾਉਣ ਦਾ ਨਤੀਜਾ ਹੈ – ਇਥੋਂ ਤੱਕ ਕਿ ਉਹ ਦੂਜਿਆਂ ਦੇ ਸੱਚ ਬਣ ਜਾਣ। ਅਤੇ ਜਦੋਂ ਦੂਜਿਆਂ ਦੀਆਂ ਇਹ ਸੱਚਾਈਆਂ (ਜੋ ਕਿ ਸਾਡੇ ਆਪਣੇ ਝੂਠ ਹਨ) ਸਾਨੂੰ ਪਰੇਸ਼ਾਨ ਕਰਨ, ਤਾਂ ਅਸੀਂ ਬੇਵਕੂਫਾਂ ਵਾਂਗੂੰ ਦੂਜਿਆਂ ਨੂੰ ਮੁਆਫੀ ਮੰਗਣ ਅਤੇ ਕਿਤਾਬਾਂ ‘ਤੇ ਪਾਬੰਦੀ ਲਗਾਉਣ ਵਰਗੀਆਂ ਹਾਸੋਹੀਣੀਆਂ ਮੰਗਾਂ ਕਰਨ ਲੱਗ ਪੈਂਦੇ ਹਾਂ। ਅਸੀਂ ਮੂਰਖ ਇਸ ਕਰਕੇ ਪੇਸ਼ ਆਉਂਦੇ ਹਾਂ ਕਿੳਂਕਿ ਇਹ ਕਿਤਾਬਾਂ ਤਾਂ ਸਾਡੇ ਪ੍ਰਚਾਰੇ ਝੂਠ ਨੂੰ ਹੀ ਉਗਲ਼ੱਛ ਰਹੀਆਂ ਹੁੰਦੀਆਂ ਹਨ – ਉਹ ਝੂਠ ਜਿਸਨੂੰ ਅਸੀਂ ਸਦੀਆਂ ਤੋਂ ਜੱਫ਼ਾ ਮਾਰੀ ਬੈਠੇ ਹਾਂ। ਨਾਲ ਹੀ ਫਿਰ ਅਸੀਂ ਆਪਣੇ ਅਸਲ ਝੂਠ ਨੂੰ ਹੋਰ ਜਾਇਜ਼ ਠਹਿਰਾਉਣ ਲਈ ਜਾਅਲੀ ਤਰਕ ਅਤੇ ਤੱਥ ( ਮਸਲਨ: ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਜਾਤਾਂ ਦੇ ਪੰਜ ਸਿੱਖਾਂ ਨੂੰ ਸੰਸਕ੍ਰਿਤ ਸਿੱਖਣ ਲਈ ਕਾਸ਼ੀ ਭੇਜਣਾ) ਘੜਨ ਲੱਗ ਪੈਂਦੇ ਹਾਂ।

ਸੱਚ ਤਾਂ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਵੀ ਸਿੱਖ ਨੂੰ ਕਿਸੇ ਵੀ ਮਕਸਦ ਲਈ ਬਨਾਰਸ ਨਹੀਂ ਭੇਜਿਆ ਸੀ। ਇਸ ਦਾ ਸਭ ਤੋਂ ਬੁਨਿਆਦੀ ਕਾਰਨ ਇਹ ਹੈ ਕਿ ਸਿੱਖ ਰੂਹਾਨੀਅਤ ਦੀ ਸਮੁੱਚੀ ਵਿਚਾਰਧਾਰਾ ਬਨਾਰਸੀ ਕਰਮਕਾਂਡਾਂ ਦੇ ਐਨ ਉਲ਼ਟ ਖੜ੍ਹੀ ਕੀਤੀ ਗਈ ਸੀ। ਜੇ ਗੁਰੂ ਨਾਨਕ ਪਾਤਸ਼ਾਹ ਬਨਾਰਸ ਗਏ ਸਨ ਤਾਂ ਉਹ ਸਿਰਫ਼ ਪੁਜਾਰੀਆਂ ਦੇ ਪਾਖੰਡੀ ਤੌਰ-ਤਰੀਕਿਆਂ ਦਾ ਪਾਜ਼ ਉਘੇੜਨ ਗਏ ਸਨ। ਗੁਰੂ ਪਾਤਸ਼ਾਹ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ “ਓਇ ਹਰਿ ਕੇ ਸੰਤ ਨ ਆਖੀਅਿਹ ਬਾਨਾਰਿਸ ਕੇ ਠਗ ॥੧॥ ਦੀ ਯਾਦ ਦਿਵਾਉਣ ਲਈ ਉੱਥੇ ਗਏ ਸਨ।

ਇਸ ਸਭ ਕਾਸੇ ਦਾ ਸੱਚ

ਨਿਰਮਲੇ ਅਸਲ ਵਿੱਚ ਬਨਾਰਸ ਦੇ ਉਹ ਬ੍ਰਾਹਮਣ ਸਨ ਜੋ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਹੱਥੋਂ ਦਰਬਾਰ ਸਾਹਿਬ ਦੀ ਤਬਾਹੀ ਹੋਣ ਤੋਂ ਬਾਅਦ 1765 ਦੇ ਸ਼ੁਰੂ ਵਿੱਚ ਸਿੱਖਾਂ ਵਰਗਾ ਬਾਣਾ ਪਾ ਕੇ ਸਿੱਖ ਗੁਰਦੁਆਰਿਆਂ ਅਤੇ ਸਿੱਖ ਅਦਾਰਿਆਂ ਵਿੱਚ ਦਾਖ਼ਲ ਹੋ ਗਏ ਸਨ। ਉਨ੍ਹਾਂ ਨੇ ਸਾਡੇ ਗੁਰਦੁਆਰਿਆਂ ਅਤੇ ਅਦਾਰਿਆਂ ਤੇ ਕਾਬਜ਼ ਉਦਾਸੀਆਂ ਨੂੰ ਬੇਦਖ਼ਲ ਕਰਕੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਦਾਸੀ ਪੁਜਾਰੀ 1718 ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਲਗਭਗ 62 ਸਾਲਾਂ ਤੱਕ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੇ ਰਹੇ ਸਨ। ਉਹਨਾਂ ਨੂੰ ਇਹ ਮੌਕਾ ਓਦੋਂ ਮਿਲ਼ ਗਿਆ ਸੀ ਜਦੋਂ ਅਸਲ ਗੁਰਮਤਿ ਨੂੰ ਪਰਨਾਏ ਸਿੱਖ ਆਪਣੀ ਹੋਂਦ ਬਚਾਉਣ ਖਾਤਰ ਪੰਜਾਬ ਦੇ ਜੰਗਲ਼ਾਂ, ਬੀਕਾਨੇਰ ਦੇ ਰੇਗਸਥਾਨਾਂ ਅਤੇ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਵਿੱਚ ਲੁਕ ਛਿਪ ਕੇ ਔਖਾ ਸਮਾਂ ਲੰਘਾਅ ਰਹੇ ਸਨ।

ਨਿਰਮਲਿਆਂ ਦੀਆਂ ਜੜ੍ਹਾਂ ਕਾਂਸ਼ੀ ਵਿੱਚ ਸਨ। ਉੱਥੋਂ ਦੀ ਵਿਦਿਆ ਅਤੇ ਹਲ੍ਹਾਸ਼ੇਰੀ ਕਾਰਨ ਉਹ ਸੂਝਬੂਝ, ਸਮਰੱਥਾ ਅਤੇ ਵੱਧ ਗਿਣਤੀ ਦੇ ਨਾਲ਼-ਨਾਲ਼ ਰੂਹਾਨੀ ਬਲ (ਵੈਦਿਕ ਹੋਣ ਦੇ ਕਾਰਨ) ਪੱਖੋਂ ਸੁਭਾਵਿਕ ਤੌਰ ‘ਤੇ ਉੱਤਮ ਹੋਣ ਕਾਰਨ ਸਿੱਖ ਮਾਨਸਿਕਤਾ ਦੇ ਪਹਿਲੇ ਅਗਵਾਕਾਰਾਂ ਵਜੋਂ ਉਦਾਸੀਆਂ ਦੀ ਥਾਂ ਲੈਣ ਲਈ ਮੁਢਲੇ ਤੌਰ ਤੇ ਵੱਧ ਸਮਰੱਥਾ ਰੱਖਦੇ ਸਨ।

ਨਿਰਮਲਿਆਂ ਨੇ ਹੀ ਸਿੱਖ ਰੂਹਾਨੀਅਤ ਨੂੰ ਉਧਾਲਣ ਵਾਲ਼ਿਆਂ ਦੀ ਇੱਕ ਉੱਤਮ ਨਸਲ ਪੈਦਾ ਕਰਨ ਦੇ ਯੋਗ ਬਣਨਾ ਸੀ। ਉਹਨਾਂ ਦਾ ਆਪਣੇ ਆਪ ਨੂੰ ਨਿਰਮਲੇ ਕਹਾਉਣ ਦਾ ਮਕਸਦ ਸਿੱਖਾਂ ਨੂੰ ਮੂਰਖ ਬਣਾ ਕੇ ਸਿਰਫ਼ ਇਹ ਯਕੀਨ ਦਿਵਾਉਣਾ ਸੀ ਕਿ ਉਹ (ਨਿਰਮਲੇ) ਹੀ ਅਸਲ ‘ਖਾਲਸੇ’ ਹਨ ਅਤੇ ਇਹ ਵੀ ਕਿ ਬਾਕੀ ਗੈਰ-ਨਿਰਮਲੇ ਜਾਂ ਤਾਂ ਅਧੂਰੇ ਅਤੇ ਅਸ਼ੁੱਧ ਸਨ ਅਤੇ ਜਾਂ ਨੀਵੇਂ ਦਰਜੇ ਦੇ ਸਿੱਖ ਸਨ।

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਿਰਮਲਿਆਂ ਦੀ ਰਵਾਇਤ ਸ਼ੁਰੂ ਕਰਨ ਲਈ ਪੰਜ ਸਿੱਖਾਂ ਨੂੰ ਬਨਾਰਸ ਭੇਜਣ ਵਾਲ਼ੀ ਸਾਖੀ ਨੂੰ ਮੈਂ ‘ਨਿਰਮਲਿਆਂ ਦੀ ਸ਼ੇਖੀ’ ਕਹਿੰਦਾ ਹਾਂ। ਮੇਰੀ ਅੰਗਰੇਜ਼ੀ ਦੀ ਕਿਤਾਬ ‘ਸਿੱਖੀ ਦਾ ਉਧਾਲ਼ਾ’ (ਦ ਹਾਈਜੈਕਿੰਗ ਆਫ਼ ਸਿੱਖੀ) ਵਿਚ ਇਸ ਸਾਖੀ ਦਾ ਝੂਠ ਸਿਰਫ਼ ਨੌਂ ਕੁ ਪੰਨਿਆਂ ਵਿਚ ਉਜਾਗਰ ਕਰ ਦਿੱਤਾ ਗਿਆ ਹੈ।

ਨਿਰਮਲਿਆਂ ਦੀਆਂ ਮਾਰੀਆਂ ਸ਼ੇਖੀਆਂ

ਨਿਰਮਲਿਆਂ ਨੇ ਸਿੱਖਾਂ ਵਿੱਚ ਆਪਣੀ ਪੈਂਠ ਬਣਾਉਣ ਲਈ ਇੱਕ ਇਤਿਹਾਸਕ ਅਤੇ ਦਾਰਸ਼ਨਿਕ ਝੂਠ ਘੜ ਲਿਆ। ਉਹਨਾਂ ਨੇ ਇੱਕ ਜਾਅਲੀ ਬਿਰਤਾਂਤ ਰਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਨੂੰ ਬ੍ਰਹਮਚਾਰੀ ਰਹਿਣ ਦਾ ਹੁਕਮ ਦਿੱਤਾ ਸੀ ਤੇ ਫਿਰ ਉਹਨਾਂ ਨੂੰ ਬ੍ਰਾਹਮਣਾਂ ਦੇ ਭੇਸ ਵਿੱਚ ਕਾਂਸ਼ੀ (ਹੁਣ ਬਨਾਰਸ) ਜਾ ਕੇ ਸੰਸਕ੍ਰਿਤ ਅਤੇ ਵੇਦਾਂ ਦੀ ਰੂਹਾਨੀਅਤ ਦਾ ਅਧਿਐਨ ਕਰਨ ਦਾ ਹੁਕਮ ਦਿੱਤਾ ਸੀ।

‘ਸਿੱਖੀ ਦਾ ਉਧਾਲ਼ਾ’ ਕਿਤਾਬ ਵਿੱਚ, ਇਸ ਸਾਖੀ ਦੇ ਝੂਠੀ ਹੋਣ ਦੇ ਮੈਂ ਅੱਠ ਕਾਰਨ ਗਿਣਾਏ ਹਨ। ਅੱਗੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ੳਨ੍ਹਾਂ ਗੁਰਬਾਣੀ ਵਿਚਲੇ ਢੁਕਵੇਂ ਸ਼ਬਦਾਂ ਦਾ ਵਰਨਣ ਕੀਤਾ ਜੋ ਬਨਾਰਸ ਦੀ ਰੂਹਾਨੀਅਤ ਦੇ ਮਾਪਦੰਡਾਂ ਨੂੰ ਮੁੱਢੋਂ ਸੁੱਢੋਂ ਰੱਦ ਕਰਦੇ ਹਨ। ਉਹਨਾਂ ਵਿੱਚੋਂ ਇੱਕ ਪੰਨਾ ੪੯੧ ਤੇ ਦਰਜ ਹੈ:

ਗੂਜਰੀ ਮਹਲਾ ੩ ॥ ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥

ਭਾਵ, ਨਾ ਤਾਂ ਕਾਂਸ਼ੀ ਜਾ ਕੇ ਮੱਤ ਆਉਂਦੀ ਹੈ ਅਤੇ ਨਾ ਹੀ ਕਾਂਸ਼ੀ ਜਾ ਕੇ ਮੱਤ ਮਾਰੀ ਜਾਂਦੀ ਹੈ। ਮਨੁੱਖ ਨੂੰ ਇਹ ਸੋਝੀ ਉਦੋਂ ਹੁੰਦੀ ਹੈ ਜਦੋਂ ਸੱਚ ਦੇ ਸਿਧਾਂਤ ਨਾਲ਼ ਉਸਦਾ ਮੇਲ਼ ਹੋ ਜਾਂਦਾ ਹੈ।

ਇਸ ਸ਼ਬਦ ਦਾ ਵਿਹਾਰਕ ਹੁਕਮ ਬਹੁਤ ਸਿੱਧਾ ਹੈ: ਕਾਂਸ਼ੀ ਜਾਂ ਕਿਤੇ ਹੋਰ ਜਾਣ ਨਾਲ ਕੋਈ ਗਿਆਨਵਾਨ ਨਹੀਂ ਹੋ ਜਾਂਦਾ। ਗਿਆਨਵਾਨ ਹੋਣ ਲਈ ਕਿਸੇ ਖਾਸ ਟਿਕਾਣੇ ਤੇ ਨਹੀਂ ਜਾਣਾ ਹੁੰਦਾ। ਇਹ ਮਨ ਦੀ ਉਹ ਅਵਸਥਾ ਹੈ ਜੋ ਸ਼ਬਦ ਦੇ ਸੰਦੇਸ਼ਾਂ ਰਾਹੀਂ ਅੰਦਰੋਂ ਹੀ ਪੈਦਾ ਹੁੰਦੀ ਹੈ।

ਨਿਰਮਲਿਆਂ ਵੱਲੋਂ ਘੜ੍ਹੀ ਗਈ ਸਾਖੀ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖੇ ਅਜਿਹੇ ਹੁਕਮਾਂ ਤੋਂ ਅਣਜਾਣ ਸਨ। ਤਾਂ ਹੀ ਉਹਨਾਂ ਨੇ ਪੰਜ ਸਿੱਖਾਂ ਨੂੰ ਸਨਾਤਨੀ ਗ੍ਰੰਥਾਂ ਦਾ ਅਧਿਐਨ ਕਰਨ ਲਈ ਬਨਾਰਸ ਭੇਜ ਦਿੱਤਾ ਸੀ ਤੇ ਫਿਰ ਉਹੀ ਪੰਜ ਸਿੱਖ ਉੱਥੋਂ ਦੀ ਗੁਰਮਤਿ ਵਿਰੋਧੀ ਸਿੱਖਿਆ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਵਿੱਚ ਫੈਲਾਉਣ ਲਈ ਵਾਪਸ ਪਰਤ ਆਏ ਸਨ।

ਜਿੱਥੋਂ ਤੱਕ ਉਨ੍ਹਾਂ ਨੂੰ ਬਨਾਰਸ ਵਿਖੇ ਸੰਸਕ੍ਰਿਤ ਦਾ ਅਧਿਐਨ ਕਰਨ ਲਈ ਭੇਜਣ ਦਾ ਸਵਾਲ ਹੈ, ਅਸੀਂ ਹੇਠਾਂ ਦਿੱਤੇ ਦੋ ਤੱਥਾਂ ‘ਤੇ ਵਿਚਾਰ ਕਰ ਸਕਦੇ ਹਾਂ:

ਪਹਿਲਾ, ਗੁਰੂ ਨਾਨਕ ਅਤੇ ਗੁਰੂ ਅਰਜੁਨ ਪਾਤਸ਼ਾਹਾਂ ਦੀਆਂ ਰਵਾਇਤਾਂ ਤੇ ਪਹਿਰਾ ਦੇਣ ਵਾਲ਼ੇ ਗੁਰੂ ਗੋਬਿੰਦ ਸਿੰਘ ਜੀ ਬ੍ਰਿਜ ਅਤੇ ਫਾਰਸੀ ਭਾਸ਼ਾਵਾਂ ਦੇ ਮਾਹਿਰ ਹੋਣ ਦੇ ਨਾਲ਼-ਨਾਲ਼ ਸੰਸਕ੍ਰਿਤ ਦੇ ਵੀ ਵਿਦਵਾਨ ਸਨ; ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਸਕ੍ਰਿਤ ਦੇ ਨਾਲ਼-ਨਾਲ਼ ਇਸਦੀ ਪੂਰਵ ਭਾਸ਼ਾ ਪ੍ਰਾਕ੍ਰਿਤ ਵਿੱਚ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਅਰਜੁਨ ਪਾਤਸ਼ਾਹ ਜੀ ਦੀਆਂ ਰਚਨਾਵਾਂ ਅਤੇ ਸਮੁੱਚੀਆਂ ਬਾਣੀਆਂ ਸ਼ਾਮਲ ਹਨ; ਸਿਰਲੇਖ ਸਲੋਕ ਸਹਿਸਕ੍ਰਿਤੀ ਮਹਲਾ ੧ ਅਤੇ ਮਹਲਾ ੫ (ਗੁਰੂ ਗ੍ਰੰਥ ਸਾਹਿਬ ਪੰਨਾ ੧੩੫੩-੧੩੬੧ ) ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਰੂਹਾਨੀਅਤ ਦੇ ਪ੍ਰਸੰਗ ਵਿੱਚ ਸਿੱਖ ਪਹਿਲਾਂ ਹੀ ਸੰਸਕ੍ਰਿਤ ਨਾਲ਼ ਜੁੜੇ ਹੋਏ ਸਨ।

ਦੂਜਾ, ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਦਰਬਾਰ ਵਿੱਚ ਸੰਸਕ੍ਰਿਤ ਦੇ ਵਿਦਵਾਨ ਮੌਜੂਦ ਸਨ। ਗੁਰੂ ਜੀ ਕੋਲ਼ ਕ੍ਰਿਪਾ ਰਾਮ ਦੱਤ ਵਰਗਾ ਸੰਸਕ੍ਰਿਤ ਦਾ ਪ੍ਰਕਾਂਡ ਵਿਦਵਾਨ ਮੌਜੂਦ ਸੀ ਜਿਸ ਨੂੰ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣ ਦਾ ਕੰਮ ਸੌਂਪਿਆ ਗਿਆ ਸੀ। ਪੰਜਾਬ ਦੇ ਸਿੱਖ ਸੰਸਕ੍ਰਿਤ ਦੇ ਚੰਗੇ ਜਾਣਕਾਰ ਸਨ। ਮਿਸਾਲ ਵਜੋਂ ਪੱਜੋਖੜਾ ਪਿੰਡ ਵਿੱਚ ਛੱਜੂ ਝੀਵਰ ਸੰਸਕ੍ਰਿਤ ਦਾ ਵਿਦਵਾਨ ਸੀ। ਕਿਸੇ “ਨੀਵੀਂ ਝੀਂਵਰ ਜਾਤ” ਦੇ ਸਮਝੇ ਜਾਂਦੇ ਵਿਅਕਤੀ ਦਾ ਸੰਸਕ੍ਰਿਤ ਵਿਦਵਾਨ ਹੋਣ ਦਾ ਮਤਲਬ ਇਹ ਸੀ ਕਿ ਸਮਾਜ ਦੇ ਸਾਰੇ ਵਰਗਾਂ ਵਿੱਚੋਂ ਬਣੇ ਬਹੁਤਾਤ ਸਿੱਖ ਸੰਸਕ੍ਰਿਤ ਦਾ ਕੰਮ ਚਲਾਊ ਗਿਆਨ ਰੱਖਦੇ ਸਨ। ਇਸ ਤਰ੍ਹਾਂ ਇਹ ਸਮਝ ਤੋਂ ਬਾਹਰ ਹੈ ਕਿ ਸਾਡੇ ਕਿਸੇ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਕਿਸੇ ਭਾਸ਼ਾ ਦਾ ਅਧਿਐਨ ਕਰਨ ਲਈ ਬਨਾਰਸ ਭੇਜਿਆ ਗਿਆ ਹੋਵੇਗਾ।

ਇਸ ਤਰ੍ਹਾਂ ਇਹ ਮੁਕੰਮਲ ਰੂਪ ਵਿੱਚ ਸਪੱਸ਼ਟ ਹੋ ਜਾਂਦਾ ਕਿ ਇਹ ਸਾਖੀ ਨਿਰਮਲਾ ਲੇਖਕ ਗਿਆਨੀ ਗਿਆਨ ਸਿੰਘ ਵੱਲੋਂ ਨਾ ਸਿਰਫ਼ ਨਿਰਮਲਿਆਂ ਦੀ ਬ੍ਰਹਮਚਰਜ ਵਾਲ਼ੀ ਜੀਵਨ ਜਾਚ ਉਪਰ ਗੁਰੂ ਦੀ ਪ੍ਰਵਾਨਗੀ ਦੀ ਝੂਠੀ ਮੋਹਰ ਲਵਾਉਣ—ਸਗੋਂ ਨਿਰਮਲਾ ਅੰਦੋਲਨ ਅਤੇ ਉਨ੍ਹਾਂ ਦੀ ਸਿੱਖੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ਨੂੰ ਜਾਇਜ਼ ਠਹਿਰਾਉਣ ਲਈ ਹੀ ਘੜ੍ਹੀ ਗਈ ਹੈ।

ਆਪਣੇ ਹੀ ਫੈਲਾਏ ਝੂਠਾਂ ਨਾਲ਼ ਮੁਕਾਬਲਾ : ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ

ਸਾਡੇ ਆਪਣੇ ਸੁਣਾਏ ਝੂਠ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਉਹ ਸਾਡੇ ਆਪਣੇ ਹੀ ਸੱਚ ਨੂੰ ਤਬਾਹ ਕਰਨ ਦਾ ਸੀ। ਨਿਰਮਲਿਆਂ ਦੀਆਂ ਮਨਘੜਤ ਸਾਖੀਆਂ ਅਤੇ ਗੁੰਝਲਦਾਰ ਸਾਜਿਸ਼ਾਂ ਦਾ ਪਹਿਲਾ ਸ਼ਿਕਾਰ ਸਿੱਖ ਰੂਹਾਨੀਅਤ ਬਣੀ । ਗੁਰਬਾਣੀ ਦੀਆਂ ਸੱਚਾਈਆਂ – ਕਿ ਸਿੱਖੀ ਵਿਚ ਬਨਾਰਸ ਦੀ ਕੋਈ ਲੇਵਾ ਦੇਵੀ ਅਤੇ ਅਹਿਮੀਅਤ ਨਹੀਂ, ਕਿ ਬਨਾਰਸ ਵਿਚਲੇ ਗਿਆਨ ਦਾ ਅਧਿਐਨ ਬੇਲੋੜਾ ਹੈ – ਇਨ੍ਹਾਂ ਮਨਘੜਤ ਸਾਖੀਆਂ ਅਤੇ ਗੁੰਝਲਦਾਰ ਸਾਜਿਸ਼ਾਂ ਦੀ ਬਲੀ ਚੜ੍ਹ ਗਈਆਂ । ਜਿਸ ਦੇ ਨਤੀਜੇ ਹੇਠ ਲਿਖੀਆਂ ਘਟਨਾਵਾਂ ਵਿੱਚੋਂ ਹਨ ਮਿਲਦੇ ਹਨ।

1830 ਵਿੱਚ, ਮਹਾਰਾਜਾ ਰਣਜੀਤ ਸਿੰਘ ਨੇ ਬਨਾਰਸ ਦੇ ਨਵੇਂ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਦੋ ਗੁੰਬਦਾਂ ਨੂੰ ਸੋਨੇ ਨਾਲ ਮੜ੍ਹਵਾ ਦਿੱਤਾ। ਮਹਾਰਾਜਾ ਨਾਭਾ ਅਤੇ ਮਹਾਰਾਜਾ ਕਪੂਰਥਲ਼ਾ ਨੇ ਬਨਾਰਸ ਵਿਚ ਸੰਸਕ੍ਰਿਤ ਕਾਲਜ ਦੀ ਸਥਾਪਨਾ ਲਈ 1911 ਵਿੱਚ ਖੁੱਲ੍ਹੇ ਦਿਲ ਨਾਲ਼ ਦਾਨ ਦਿੱਤਾ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਥਾਪਕ ਪੰਡਿਤ ਮਦਨ ਮੋਹਨ ਮਾਲਵੀਆ ਨੇ ਇਸ ਕਾਲਜ ਦਾ ਉਦਘਾਟਨ ਕਰਨ ਲਈ ਮਸਤੂਆਣਾ ਦੇ ਅਖੌਤੀ “ਸੰਤ” ਅਤਰ ਸਿੰਘ ਨੂੰ ਸੱਦਿਆ।

ਦੂਸਰਾ ਨੁਕਸਾਨ ਜਿਹੜਾ ਸਾਡੇ ਆਪਣੇ ਬਣਾਏ ਝੂਠ ਕਰਦੇ ਹਨ ਇਹ ਹੈ ਕਿ ਉਹ ਗੈਰਾਂ ਦਾ ਸੱਚ ਬਣ ਜਾਂਦੇ ਹਨ। ਸਿੱਖੀ ਅਤੇ ਸਿੱਖਾਂ ਨਾਲ਼ ਦੁਸ਼ਮਣੀ ਕਮਾਉਣ ਵਾਲ਼ੇ “ਗੈਰਾਂ” ਦੇ ਹੱਥਾਂ ਵਿਚ ਫੜਾਏ ਗਏ ਅਜਿਹੇ “ਸੱਚ” ਸਾਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰਨ ਲਈ ਵਾਪਸ ਆਉਂਦੇ ਹਨ।

ਇਸ ਦਾ ਹੱਲ ਇਹ ਹੈ ਕਿ ਅਸੀਂ ਆਪਣੇ ਝੂਠਾਂ ਨੂੰ ਛਾਂਟਕੇ ਬਾਹਰ ਕੱਢੀਏ, ਆਪਣੇ ਉਹਨਾਂ ਝੂਠਾਂ ਨੂੰ ਤਿਆਗ ਦੇਈਏ ਜਿਹੜੇ ਸਾਡੇ ਸਿਰ ਮੜ੍ਹੇ ਗਏ ਅਖੌਤੀ ਰਵਾਇਤੀ ਸਾਹਿਤ ਵਿੱਚ ਭਰੇ ਪਏ ਹਨ ਅਤੇ ਸਾਡੀ ਮਾਨਸਿਕਤਾ ਨੂੰ ਪਲੀਤ ਕਰਦੇ ਹਨ। ਇਹ ਅਜਿਹੇ ਝੂਠ ਹਨ ਜਿਹਨਾਂ ਨਾਲ਼ ਸਾਡੀਆਂ ਜਨਮ ਸਾਖੀਆਂ ਦੇ ਸਫ਼ੇ ਭਰੇ ਪਏ ਹਨ। ਇਹ ਉਹ ਝੂਠ ਹਨ ਜਿਹਨਾਂ ਨਾਲ਼ ਸੂਰਜ ਪ੍ਰਕਾਸ਼, ਭਗਤ ਮਾਲਾ, ਗੁਰਬਿਲਾਸ ਪਾਤਸ਼ਾਹੀ ੬ਵੀਂ ਤੇ ੧੦ਵੀਂ, ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ), ਸਰਬ ਲੋਹ, ਤਕਰੀਬਨ 35 ਹੋਰ ਮੁੱਢਲੇ ਰਵਾਇਤੀ ਗ੍ਰੰਥਾਂ ਅਤੇ ਉਹਨਾਂ ਵਿੱਚੋਂ ਨਿਕਲੀਆਂ ਹੋਰ ਸੈਂਕੜੇ ਲਿਖਤਾਂ ਦੇ ਸਫ਼ੇ ਕਾਲ਼ੇ ਕੀਤੇ ਹੋਏ ਹਨ।

ਸਿਰਫ਼ ਇਹ ਉਮੀਦ ਹੀ ਕੀਤੀ ਜਾ ਸਕਦੀ ਹੈ ਕਿ ਉਹ ਦਿਨ ਕਦੇ ਨਹੀਂ ਆਵੇਗਾ ਜਦੋਂ ਦਸਮ ਗ੍ਰੰਥ ਦੇ ਚਰਿੱਤਰੋਪਾਖਯਾਨ ਅਧਿਆਇ ਵਿੱਚ ਦਰਜ ਜਿਨਸੀ ਅਸ਼ਲੀਲਤਾ ਦੀਆਂ 404 ਕਹਾਣੀਆਂ ਗੈਰਾਂ ਦੀਆਂ ਸੱਚਾਈਆਂ ਬਣ ਜਾਣਗੀਆਂ। ਜ਼ਰਾ ਕਲਪਨਾ ਕਰੋ ਕਿ ਇਹਨਾਂ ਚਰਿਤਰਾਂ ਨੂੰ 404 ਕਾਮ ਕਹਾਣੀਆਂ ਸਿਰਲੇਖ ਵਾਲ਼ੀ ਫ਼ਿਲਮ ਵਿੱਚ ਬਦਲਿਆ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਯੋਗਦਾਨ ਪਾਉਣ ਵਾਲ਼ਿਆਂ ਵਿੱਚ ਇੱਕ ਸਤਰ “ਗੁਰੂ ਗੋਬਿੰਦ ਸਿੰਘ ਵੱਲੋਂ ਰਚੇ ਗਏ ਸਿੱਖ ਧਰਮ ਗ੍ਰੰਥ ਤੋਂ ਅਪਣਾਇਆ ਗਿਆ” ਵੀ ਪੜ੍ਹੀ ਜਾਇਆ ਕਰੇਗੀ।

ਇਸ ਤੋਂ ਪਹਿਲਾਂ ਕਿ ਉਹ ਸਾਡੇ ਖਿਲਾਫ਼ ਵਰਤੇ ਜਾਣ ਲਈ ਦੂਜਿਆਂ ਦੇ “ਸੱਚ” ਬਣ ਜਾਣ, ਸਾਨੂੰ ਸਾਡੇ ਆਪਣੇ ਹੀ ਫੈਲਾਏ ਗਏ “ਝੂਠਾਂ” ਨੂੰ ਤਿਆਗ ਦੇਣਾ ਚਾਹੀਦਾ ਹੈ।

ਸਾਨੂੰ ਇਸ ਝੂਠ ਨੂੰ ਤਿਆਗਣ ਦੀ ਲੋੜ ਹੈ ਕਿ ਅਖੌਤੀ ਦਸਮ ਗ੍ਰੰਥ ਸਿੱਖਾਂ ਦਾ ਗ੍ਰੰਥ ਹੈ, ਜਾ ਕਿ ਇਹ ਵਾਕਈ ਕੋਈ ਧਰਮ ਗ੍ਰੰਥ ਵੀ ਹੈ। ਸਾਨੂੰ ਇਸ ਝੂਠ ਤੋਂ ਪਿੱਛਾ ਛੁਡਾਉਣ ਦੀ ਲੋੜ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਰਚਨਾ ਗੁਰੂ ਨੂੰ ਤਾਂ ਛੱਡੋ, ਕਿਸੇ ਸਿੱਖ ਵੱਲੋਂ ਕੀਤੀ ਗਈ ਸੀ। ਸਾਨੂੰ ਉਨ੍ਹਾਂ ਝੂਠਾਂ ਨੂੰ ਤਿਆਗਣ ਦੀ ਲੋੜ ਹੈ ਜਿਹਨਾਂ ਨਾਲ਼ ਸਾਡੀਆਂ ਜਨਮ ਸਾਖੀਆਂ ਭਰੀਆਂ ਪਈਆਂ ਹਨ। ਸਾਡੇ ਸਿਰ ਮੜ੍ਹੇ ਗਏ ਅਖੌਤੀ ਰਵਾਇਤੀ ਗ੍ਰੰਥਾਂ ਜਿਵੇਂ ਕਿ ਸੂਰਜ ਪ੍ਰਕਾਸ਼, ਭਗਤ ਮਾਲਾ, ਗੁਰਬਿਲਾਸ ਪਾਤਸ਼ਾਹੀ ੬ਵੀਂ, ਰਹਿਤਨਾਮੇ ਵਗੈਰਾ ਦੇ ਪੰਨਿਆਂ ਦੀ ਸਜਾਵਟ ਬਣੇ ਝੂਠਾਂ ਨੂੰ ਵੀ ਸਾਨੂੰ ਸਾਫ਼ ਕਰਨ ਦੀ ਲੋੜ ਹੈ।

13 ਦਸੰਬਰ ਦੀ ਘਟਨਾ ਜਿਸ ਵਿੱਚ ਭਾਰਤ ਦੇ ਸਭ ਤੋਂ ਉੱਚੇ ਅਹੁਦੇ ਨੂੰ ਸ਼ਾਮਲ ਕੀਤਾ ਗਿਆ ਹੈ, ਸਾਡੇ ਆਪਣੇ ਝੂਠ ਨਾਲ ਸਬੰਧਤ ਇਸ ਤਿਲਕਣਬਾਜ਼ੀ ਵਾਲ਼ੇ ਰਾਹ ‘ਤੇ ਵਾਪਰਨ ਵਾਲ਼ੇ ਹਾਦਸਿਆਂ ਦਾ ਇੱਕ ਹੋਰ ਸਪੱਸ਼ਟ ਸੰਕੇਤ ਹੈ। ਇਹ ਸਿਰਫ਼ ਸਾਡੇ ਝੂਠ ਦੇ ਦੂਜਿਆਂ ਦੇ ਸੱਚ ਬਣਨ ਦਾ ਮਾਮਲਾ ਨਹੀਂ ਹੈ, ਸਗੋਂ ਸਾਡੇ ਝੂਠ ਨੂੰ ਸਭ ਤੋਂ ਉੱਚੀਆਂ ਅਤੇ ਸਭ ਤੋਂ ਸ਼ਕਤੀਸ਼ਾਲੀ ਸ਼ਖ਼ਸੀਅਤਾਂ ਰਾਹੀਂ ਹਥਿਆਰ ਬਣਾ ਕੇ ਵਰਤਣਾ ਹੈ।